ਤਲਾਹੇਲਿਲਪਨ: ਮੱਧ ਮੈਕਸੀਕੋ ਵਿੱਚ ਸ਼ੁੱਕਰਵਾਰ ਨੂੰ ਤੇਲ ਦੀ ਇੱਕ ਪਾਈਪਲਾਈਨ ਵਿੱਚ ਭਿਆਨਕ ਅੱਗ ਲੱਗ ਗਈ। ਹਾਦਸੇ ਵਿੱਚ ਹੁਣ ਤਕ 79 ਜਣਿਆਂ ਦੀ ਮੌਤ ਹੋ ਗਈ ਹੈ। ਦਰਅਸਲ ਸੈਂਕੜੇ ਲੋਕ ਪਾਈਪਲਾਈਨ ਤੋਂ ਨਿਕਲ ਰਿਹਾ ਤੇਲ ਚੋਰੀ ਕਰਨ ਲਈ ਇਕੱਠੇ ਹੋ ਗਏ ਸੀ। ਅਚਾਨਕ ਪਾਈਪਲਾਈਨ ਨੂੰ ਅੱਗ ਲੱਗ ਗਈ ਤੇ ਉੱਥੇ ਮੌਜੂਦ ਲੋਕ ਅੱਗ ਦੀ ਚਪੇਟ ਵਿੱਚ ਆ ਗਏ।
ਸਿਹਤ ਮੰਤਰੀ ਜਾਰਜ ਅਲਕੋਕਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਪਾਈਪਲਾਈਨ ਵਿੱਚ ਅੱਗ ਲੱਗਣ ਦੀ ਘਟਨਾ ਨਾਲ ਐਤਵਾਰ ਸਵੇਰ ਤਕ ਮਰਨ ਵਾਲਿਆਂ ਦੀ ਗਿਣਤੀ 79 ਹੋ ਗਈ। ਇਸ ਤੋਂ ਇਲਾਵਾ 81 ਲੋਕ ਗੰਭੀਰ ਸਥਿਤੀ ਵਿੱਚ ਹਸਪਤਾਲ ਦਾਖ਼ਲ ਕਰਵਾਏ ਗਏ ਹਨ।
ਮੈਕਸਿਕੋ ਦੇ ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ ਨੇ ਸ਼ਨੀਵਾਰ ਨੂੰ ਘਟਨਾ ਸਥਾਨ ਦਾ ਦੌਰਾ ਕੀਤਾ। ਹਾਲਾਂਕਿ ਉਨ੍ਹਾਂ ਦੇਸ਼ ਵਿੱਚ ਤੇਲ ਸਬੰਧੀ ਵਧ ਰਹੀਆਂ ਸਮੱਸਿਆਵਾਂ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣ ਦਾ ਵੀ ਸੰਕਲਪ ਲਿਆ।
ਇਹ ਹਾਦਸਾ ਉਸ ਵੇਲੇ ਵਾਪਰਿਆ ਹੈ ਜਦੋਂ ਮੈਕਸੀਕਨ ਰਾਸ਼ਟਰਪਤੀ ਐਂਡਰਸ ਮੈਨੁਅਲ ਲੋਪੇਜ਼ ਤੇਲ ਦੀ ਚੋਰੀ ਸਬੰਧੀ ਕੌਮੀ ਪੱਧਰ 'ਤੇ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਹਨ। 'ਪੇਮੈਕਸ' ਪਾਈਪਲਾਈਨਾਂ ਤੋਂ ਤੇਲ ਚੋਰੀ ਕਰਨ ਨਾਲ ਮੈਕਸਿਕੋ ਨੂੰ 2017 ਵਿੱਚ 3 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਸੀ।