Pakistan Attack in Jammu Kashmir: ਪਾਕਿਸਤਾਨ ਨੇ ਵੀਰਵਾਰ (8 ਮਈ, 2025) ਨੂੰ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਫੌਜੀ ਠਿਕਾਣਿਆਂ 'ਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ। ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਅਸਮਾਨ ਵਿੱਚ ਸਾਰੀਆਂ ਪਾਕਿਸਤਾਨੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਤਬਾਹ ਕਰ ਦਿੱਤਾ। ਭਾਰਤ ਆਪਣੀ ਪ੍ਰਭੂਸੱਤਾ ਦੀ ਰੱਖਿਆ ਅਤੇ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਪਾਕਿਸਤਾਨ ਹਮਲੇ ਵਿੱਚ ਕੋਈ ਨੁਕਸਾਨ ਨਹੀਂ
ਰੱਖਿਆ ਮੰਤਰਾਲੇ ਨੇ ਕਿਹਾ, "ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿੱਚ ਫੌਜੀ ਸਟੇਸ਼ਨਾਂ ਨੂੰ ਪਾਕਿਸਤਾਨੀ ਮਿਜ਼ਾਈਲਾਂ ਅਤੇ ਡਰੋਨਾਂ ਨੇ ਨਿਸ਼ਾਨਾ ਬਣਾਇਆ, ਪਰ ਸਾਰੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਬੇਅਸਰ ਕਰ ਦਿੱਤਾ ਗਿਆ। ਕੋਈ ਨੁਕਸਾਨ ਨਹੀਂ ਹੋਇਆ। ਸਾਰੇ ਖ਼ਤਰਿਆਂ ਨੂੰ ਮਿਆਰੀ ਸੰਚਾਲਨ ਪ੍ਰਕਿਰਿਆ ਅਨੁਸਾਰ ਨਸ਼ਟ ਕਰ ਦਿੱਤਾ ਗਿਆ।" ਵੀਰਵਾਰ ਸ਼ਾਮ ਨੂੰ ਪੰਜਾਬ ਦੇ ਪਠਾਨਕੋਟ, ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਮੋਹਾਲੀ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਸਮੇਤ ਕਈ ਜ਼ਿਲ੍ਹਿਆਂ ਵਿੱਚ ਬਲੈਕਆਊਟ ਲਗਾ ਦਿੱਤਾ ਗਿਆ। ਇਹ ਕਦਮ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਚੁੱਕਿਆ ਗਿਆ।
ਭਾਰਤ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਕੀਤਾ ਢੇਰ
ਸ੍ਰੀਨਗਰ ਸਮੇਤ ਪੰਜਾਬ ਅਤੇ ਰਾਜਸਥਾਨ ਵਿੱਚ ਵੀ ਸਾਇਰਨ ਵਜਾਏ ਗਏ ਅਤੇ ਨਾਗਰਿਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ। ਭਾਰਤ ਨੇ ਪਾਕਿਸਤਾਨ ਦੇ ਕਈ ਲੜਾਕੂ ਜਹਾਜ਼ਾਂ ਨੂੰ ਵੀ ਮਾਰ ਸੁੱਟਿਆ ਹੈ। ਭਾਰਤ ਨੇ ਪਾਕਿਸਤਾਨ ਦੇ 2 JF 17 ਅਤੇ ਇੱਕ F-16 ਨੂੰ ਡੇਗ ਦਿੱਤਾ ਹੈ। ਇਹ ਪਾਕਿਸਤਾਨੀ ਲੜਾਕੂ ਜਹਾਜ਼ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਭਾਰਤ ਨੇ ਢੇਰ ਦਿੱਤਾ ਹੈ।
ਇਸ ਵਿਚਾਲੇ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਸ ਜੈਸ਼ੰਕਰ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਤੁਰੰਤ ਤਣਾਅ ਘਟਾਉਣ 'ਤੇ ਜ਼ੋਰ ਦਿੱਤਾ ਹੈ। ਇਸ ਦੌਰਾਨ, ਐਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਹਰ ਹਮਲੇ ਦਾ ਜਵਾਬ ਦੇਵੇਗਾ।