Karnataka Boy Death:  ਕਰਨਾਟਕ 'ਚ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਦੀ ਪ੍ਰੈਕਟਿਸ ਕਰ ਰਹੇ 12 ਸਾਲਾ ਵਿਦਿਆਰਥੀ ਦੀ ਗਲੇ 'ਚ ਫਾਹਾ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਜੇ ਗੌੜਾ ਵਜੋਂ ਹੋਈ ਹੈ, ਜੋ ਐਸਐਲਵੀ ਸਕੂਲ ਦਾ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਨਾਟਕ ਵਿੱਚ ਸ਼ਹੀਦ ਭਗਤ ਸਿੰਘ ਦੇ ਕਿਰਦਾਰ ਲਈ ਰਿਹਰਸਲ ਕਰ ਰਿਹਾ ਸੀ। ਵਿਦਿਆਰਥੀ ਨੇ ਆਪਣੇ ਸਕੂਲ 'ਚ ਕੰਨੜ ਰਾਜਯੋਤਸਵ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮ 'ਚ ਭਗਤ ਸਿੰਘ ਦੀ ਭੂਮਿਕਾ ਨਿਭਾਉਣੀ ਸੀ।


ਸ਼ਨੀਵਾਰ (29 ਅਕਤੂਬਰ) ਦੀ ਸ਼ਾਮ ਨੂੰ ਜਦੋਂ ਉਸ ਦੇ ਮਾਤਾ-ਪਿਤਾ ਘਰੋਂ ਬਾਹਰ ਸਨ ਤਾਂ ਉਸ ਨੇ ਫਾਂਸੀ ਦੇ ਸੀਨ ਲਈ ਰਿਹਰਸਲ ਕਰਨੀ ਸ਼ੁਰੂ ਕਰ ਦਿੱਤੀ। ਜਿਸ ਲਈ ਉਸ ਨੇ ਪੱਖੇ ਨਾਲ ਰੱਸੀ ਬੰਨ੍ਹੀ ਤੇ ਦੂਜਾ ਸਿਰਾ ਆਪਣੇ ਗਲੇ ਵਿੱਚ ਪਾ ਲਿਆ। ਬਦਕਿਸਮਤੀ ਨਾਲ ਰੱਸੀ ਕੱਸੀ ਗਈ ਜਿਸ ਤੋਂ ਬਾਅਦ ਸੰਜੇ ਦੀ ਮੌਤ ਹੋ ਗਈ।


ਲਾਸ਼ ਪੱਖੇ ਨਾਲ ਲਟਕਦੇ ਮਿਲੀ
ਪੁਲਿਸ ਨੇ ਦੱਸਿਆ ਕਿ ਜਦੋਂ ਸੰਜੇ ਦੇ ਮਾਤਾ-ਪਿਤਾ ਰਾਤ ਨੂੰ ਘਰ ਪਹੁੰਚੇ ਤਾਂ ਉਨ੍ਹਾਂ ਨੇ ਬੱਚੇ ਨੂੰ ਪੱਖੇ ਨਾਲ ਲਟਕਦਾ ਦੇਖਿਆ। ਉਹ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਕੋਟੂਰੇਸ਼ ਕੇਟੀ ਨੇ ਦੱਸਿਆ ਕਿ ਸੰਜੇ ਗੌੜਾ ਹੋਣਹਾਰ ਵਿਦਿਆਰਥੀ ਸੀ ਜੋ ਕਲਾਸ ਅਤੇ ਹੋਰ ਗਤੀਵਿਧੀਆਂ ਵਿੱਚ ਪਹਿਲੇ ਸਥਾਨ ’ਤੇ ਰਿਹਾ। ਉਸ ਦੀ ਮੌਤ ਨਾਲ ਪੂਰੇ ਸਕੂਲ 'ਚ ਸੋਗ ਦੀ ਲਹਿਰ ਹੈ।


ਭਗਤ ਸਿੰਘ ਦਾ ਰੋਲ ਨਹੀਂ ਦਿੱਤਾ ਗਿਆ - ਸਕੂਲ ਪ੍ਰਿੰਸੀਪਲ
ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਰਾਜਯੋਤਸਵ ਦਿਵਸ 'ਤੇ ਹੋਣ ਵਾਲੇ ਪ੍ਰੋਗਰਾਮ ਦੇ ਸਬੰਧ ਵਿੱਚ ਅਸੀਂ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਰੁਚੀ ਬਾਰੇ ਅਧਿਆਪਕਾਂ ਨੂੰ ਜਾਣੂ ਕਰਵਾਉਣ। ਇਹ ਪ੍ਰੋਗਰਾਮ ਕੰਨੜ ਅਤੇ ਸੱਭਿਆਚਾਰ ਨਾਲ ਸਬੰਧਤ ਹੈ ਅਤੇ ਭਗਤ ਸਿੰਘ ਦਾ ਵਿਸ਼ਾ ਇਸ ਦਾ ਹਿੱਸਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲ ਵੱਲੋਂ ਸੰਜੇ ਨੂੰ ਕੋਈ ਭੂਮਿਕਾ ਨਹੀਂ ਸੌਂਪੀ ਗਈ ਸੀ ਅਤੇ ਵਿਦਿਆਰਥੀ ਭਗਤ ਸਿੰਘ ਦੀ ਭੂਮਿਕਾ ਨੂੰ ਖੁਦ ਅਭਿਆਸ ਕਰ ਰਿਹਾ ਹੋਏਗਾ।


ਕੀ ਕਿਹਾ ਬੱਚੇ ਦੇ ਪਿਤਾ ਨੇ?
ਸੰਜੇ ਦੇ ਪਿਤਾ ਨਾਗਰਾਜ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ ਦੇ ਨਾਲ-ਨਾਲ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਵਿੱਚ ਵੀ ਸਰਗਰਮ ਸੀ। ਸਕੂਲ ਦੀ ਤਰਫੋਂ ਉਸ ਨੂੰ ਭਗਤ ਸਿੰਘ ਦੀ ਭੂਮਿਕਾ ਨਿਭਾਉਣ ਲਈ ਕਿਹਾ ਗਿਆ ਸੀ ਅਤੇ ਸੰਜੇ ਨੇ ਖੁਦ ਪਹਿਰਾਵੇ ਅਤੇ ਹੋਰ ਜ਼ਰੂਰੀ ਸਮਾਨ ਦਾ ਪ੍ਰਬੰਧ ਕੀਤਾ ਸੀ।