ਨਵੀਂ ਦਿੱਲੀਃ ਅਦਾਕਾਰ ਮਿਥੁਨ ਚੱਕਰਵਰਤੀ ਆਉਂਦੀ ਸੱਤ ਮਾਰਚ ਨੂੰ ਭਾਰਤੀ ਜਨਤਾ ਪਾਰਟੀ ਦੇ ਹੋਣ ਜਾ ਰਹੇ ਹਨ। ਪੀਐਮ ਮੋਦੀ ਬ੍ਰਿਗੇਡ ਮੈਦਾਨ ਦੀ ਰੈਲੀ ਵਿੱਚ ਮਿਥੁਨ ਚੱਕਰਵਰਤੀ ਵੀ ਮੌਜੂਦ ਰਹਿਣਗੇ। ਬੀਤੀ 16 ਫ਼ਰਵਰੀ ਨੂੰ ਮਿਥੁਨ ਦੀ ਮੁਲਾਕਾਤ ਆਰਐਸਐਸ ਮੁਖੀ ਮੋਹਨ ਭਾਗਵਤ ਨਾਲ ਹੋਈ ਸੀ।


ਮਿਥੁਨ ਚੱਕਰਵਰਤੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖ਼ਬਰਾਂ ‘ਤੇ ਪੱਛਮੀ ਬੰਗਾਲ ਭਾਜਪਾ ਦੇ ਉਪ-ਪ੍ਰਧਾਨ ਤੇ ਸੰਸਦ ਮੈਂਬਰ ਅਰਜੁਨ ਸਿੰਘ ਨੇ ਕਿਹਾ ਸੀ ਕਿ ਜੇਕਰ ਮਿਥੁਨ ਆਉਂਦੇ ਹਨ ਤਾਂ ਸਾਡੀ ਪਾਰਟੀ ਦੇ ਨਾਲ-ਨਾਲ ਬੰਗਾਲ ਲਈ ਵੀ ਵਧੀਆ ਹੋਵੇਗਾ। ਦੱਸਣਾ ਬਣਦਾ ਹੈ ਕਿ ਮਿਥੁਨ ਚੱਕਰਵਰਤੀ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਰਾਜ ਸਭਾ ਵਿੱਚ ਭੇਜਿਆ ਸੀ ਕਥੇ ਉਹ ਅਪ੍ਰੈਲ 2014 ਤੋਂ ਦਸੰਬਰ 2016 ਤੱਕ ਸਦਨ ਵਿੱਚ ਰਹੇ ਸਨ। 


ਪੱਛਮੀ ਬੰਗਾਲ ਵਿਧਾਨ ਸਭਾ ਦੀਆਂ 294 ਸੀਟਾਂ ਲਈ ਚੋਣਾਂ ਅੱਠ ਗੇੜਾਂ ਵਿੱਚ ਕਰਵਾਈਆਂ ਜਾਣਗੀਆਂ। ਪਹਿਲੇ ਗੇੜ ਵਿੱਚ ਸੂਬੇ ਦੀਆਂ 38 ਸੀਟਾਂ ‘ਤੇ 27 ਮਾਰਚ ਨੂੰ ਵੋਟਾਂ ਪੈਣਗੀਆਂ।  ਇਸ ਉਪਰੰਤ ਪਹਿਲੀ ਅਪਰੈਲ ਨੂੰ 30 ਸੀਟਾਂ ‘ਤੇ, ਤੀਜੇ ਗੇੜ ਤਹਿਤ 31 ਸੀਟਾਂ ‘ਤੇ ਵੋਟਿੰਗ ਦਾ ਦਿਨ ਛੇ ਅਪਰੈਲ ਨੂੰ ਹੋਵੇਗੀ। ਚੌਥਾ ਗੇੜ 10 ਅਪਰੈਲ ਨੂੰ ਹੋਵੇਗਾ, ਜਿਸ ਤਹਿਤ 44 ਸੀਟਾਂ ‘ਤੇ ਮਤਦਾਨ ਹੋਵੇਗਾ।


ਪੰਜਵੇਂ ਗੇੜ ਤਹਿਤ 17 ਅਪਰੈਲ ਨੂੰ 45 ਸੀਟਾਂ ‘ਤੇ ਵੋਟਿੰਗ ਹੋਵੇਗੀ ਜਦਕਿ  ਛੇਵਾਂ ਗੇੜ 22 ਅਪਰੈਲ ਨੂੰ ਕਰਵਾਇਆ ਜਾਵੇਗਾ, ਜਿਸ ਤਹਿਤ 41 ਸੀਟਾਂ ਲਈ ਵੋਟਿੰਗ ਹੋਵੇਗੀ। 26 ਅਪਰੈਲ ਨੂੰ ਸੱਤਵੇਂ ਗੇੜ ਤਹਿਤ 36 ਸੀਟਾਂ ਅਤੇ 35 ਸੀਟਾਂ ਤੋਂ ਵਿਧਾਇਕ ਅੱਠਵੇਂ ਗੇੜ ਤਹਿਤ ਚੁਣੇ ਜਾਣਗੇ। ਨਤੀਜਿਆਂ ਦਾ ਐਲਾਨ ਦੋ ਮਈ ਨੂੰ ਹੋਵੇਗਾ।