Amit Shah in Jammu: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਦੇ ਮੱਦੇਨਜ਼ਰ ਜੰਮੂ ਤੇ ਰਾਜੌਰੀ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਅੱਜ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਦੁਆਰਾ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕੀਤਾ ਗਿਆ ਹੈ ਤਾਂ ਜੋ ਸੇਵਾਵਾਂ ਦੀ "ਰਾਸ਼ਟਰ ਵਿਰੋਧੀ ਅਨਸਰਾਂ ਵੱਲੋਂ ਦੁਰਵਰਤੋਂ ਨਾ ਕੀਤੀ ਜਾ ਸਕੇ। ਇਹ ਮੁਅੱਤਲੀ ਹੁਕਮ ਅੱਜ ਸ਼ਾਮ 7 ਵਜੇ ਤੱਕ ਲਾਗੂ ਰਹਿਣਗੇ।









ਦੱਸ ਦਈਏ ਕਿ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਕਦੋਂ ਹੋਣਗੀਆਂ, ਇਹ ਅਜੇ ਤੈਅ ਨਹੀਂ ਪਰ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੇ ਨਾਲ-ਨਾਲ ਜੰਮੂ-ਕਸ਼ਮੀਰ ਵਿੱਚ ਵੀ ਇਸ ਸਾਲ 2022 ਦੇ ਅੰਤ ਤੱਕ ਚੋਣਾਂ ਦਾ ਐਲਾਨ ਹੋ ਸਕਦਾ ਹੈ। ਇਨ੍ਹਾਂ ਅੰਦਾਜ਼ਿਆਂ ਦਰਮਿਆਨ ਸੂਬੇ ਵਿੱਚ ਸਾਰੀਆਂ ਪਾਰਟੀਆਂ ਸਰਗਰਮ ਹੋ ਗਈਆਂ ਹਨ। 


ਦਰਅਸਲ ਇੱਕ ਪਾਸੇ ਜਿੱਥੇ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਆਏ ਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ ਪਾਰਟੀ ਬਣਾ ਕੇ ਚੋਣਾਂ ਵਿੱਚ ਉਤਰਨ ਦਾ ਐਲਾਨ ਕੀਤਾ ਹੈ, ਉਥੇ ਹੀ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੀ ਪੂਰੀ ਤਿਆਰੀ ਨਾਲ ਚੋਣਾਂ ਵਿਚ ਕੁੱਦਣ ਲਈ ਕਮਰ ਕੱਸ ਰਹੀ ਹੈ।


ਜ਼ਿਕਰ ਕਰ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਜੰਮੂ-ਕਸ਼ਮੀਰ ਦਾ ਤਿੰਨ ਦਿਨਾ ਦੌਰਾ ਸੋਮਵਾਰ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਇਕ ਅਜਿਹੀ ਖਬਰ ਆਈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਜੰਮੂ-ਕਸ਼ਮੀਰ ਜੇਲ੍ਹ ਦੇ ਡੀਜੀ ਹੇਮੰਤ ਲੋਹੀਆ ਦਾ ਉਨ੍ਹਾਂ ਦੇ ਦੋਸਤ ਦੇ ਘਰ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।


PAFF ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ


ਜੇਲ ਦੇ ਡੀਜੀ ਹੇਮੰਤ ਲੋਹੀਆ ਦੀ ਮੌਤ ਉਸ ਸਮੇਂ ਹੋਈ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਹੇਮੰਤ ਲੋਹੀਆ ਦੇ ਕਤਲ ਪਿੱਛੇ ਅੱਤਵਾਦੀ ਸਬੰਧ ਵੀ ਸਾਹਮਣੇ ਆਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਸੰਗਠਨ PAFF (ਪੀਪਲਜ਼ ਐਂਟੀ ਫਾਸ਼ੀਵਾਦੀ ਫੋਰਸ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਸਬੰਧੀ ਇੱਕ ਕਥਿਤ ਪੱਤਰ ਸਾਹਮਣੇ ਆਇਆ ਹੈ। PAFF ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜਿਆ ਹੋਇਆ ਹੈ।