ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2014 ਵਿੱਚ ਕਾਂਗਰਸ ਮੁਕਤ ਭਾਰਤ ਦਾ ਜੋ ਨਾਅਰਾ ਦਿੱਤਾ ਸੀ, ਉਸ ਮਿਸ਼ਨ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਕੁਝ ਹੋਰ ਅੱਗੇ ਨਿੱਕਲ ਗਈ ਹੈ। ਤ੍ਰਿਪੁਰਾ, ਨਾਗਾਲੈਂਡ ਤੇ ਮੇਘਾਲਿਆ ਵਿੱਚ ਹੋਈਆਂ ਚੋਣਾਂ ਵਿੱਚ ਮੋਦੀ ਤੇ ਸ਼ਾਹ ਦੀ ਜੋੜੀ ਨੇ ਇੱਕ ਵਾਰ ਫਿਰ ਤੋਂ ਆਪਣਾ ਕਮਾਲ ਦਿਖਾ ਦਿੱਤਾ ਹੈ।

2014 ਵਿੱਚ ਯੂ.ਪੀ.ਏ. ਦਾ ਤਕਰੀਬਨ 35 ਫ਼ੀ ਸਦੀ ਆਬਾਦੀ 'ਤੇ ਰਾਜ ਸੀ ਤੇ ਐਨ.ਡੀ.ਏ. ਸਿਰਫ 22 ਫ਼ੀ ਸਦ ਆਬਾਦੀ ਤਕ ਸੀਮਿਤ ਸੀ। ਪਰ ਹੁਣ ਚਾਰ ਸਾਲ ਬਾਅਦ ਐਨ.ਡੀ.ਏ. 68 ਫ਼ੀ ਸਦੀ ਆਬਾਦੀ 'ਤੇ ਰਾਜ ਕਰਦੀ ਹੈ, ਜਦਕਿ ਯੂ.ਪੀ.ਏ. ਸਿਰਫ ਅੱਠ ਫ਼ੀ ਸਦੀ ਤਕ ਸੁੰਗੜ ਗਈ ਹੈ।

ਹਾਲਾਂਕਿ, ਭਾਜਪਾ ਨੂੰ ਸਪੱਸ਼ਟ ਬਹੁਮਤ ਸਿਰਫ ਤ੍ਰਿਪੁਰਾ ਵਿੱਚ ਹੀ ਹਾਸਲ ਹੋਇਆ ਹੈ। ਤ੍ਰਿਪੁਰਾ ਵਿੱਚ ਭਾਜਪਾ ਨੇ 43 ਸੀਟਾਂ ਜਿੱਤ ਕੇ 25 ਸਾਲਾਂ ਤੋਂ ਚੱਲੀ ਆ ਰਹੀ ਸੀ.ਪੀ.ਐਮ. ਦੀ ਜੇਤੂ ਲੜੀ ਨੂੰ ਤਬਾਹ ਕਰ ਦਿੱਤਾ ਹੈ। ਬੀ.ਜੇ.ਪੀ. ਨੂੰ 59 ਵਿੱਚੋਂ 43 ਸੀਟਾਂ ਹਾਸਲ ਹੋਈਆਂ ਜਦਕਿ ਸੀ.ਪੀ.ਐਮ. ਨੂੰ 16 ਸੀਟਾਂ ਨਾਲ ਸਬਰ ਕਰਨਾ ਪਿਆ।

ਇਸ ਤੋਂ ਇਲਾਵਾ ਭਾਜਪਾ ਨਾਗਾਲੈਂਡ ਵਿੱਚ ਵੀ ਗਠਜੋੜ ਨਾਲ ਸਰਕਾਰ ਬਣਾ ਸਕਦੀ ਹੈ। ਇਸ ਸਬੰਧੀ ਪਾਰਟੀ ਨੇ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਉੱਧਰ ਮੇਘਾਲਿਆ ਵਿੱਚ 60 ਵਿੱਚੋਂ 59 ਸੀਟਾਂ 'ਤੇ ਵੋਟਿੰਗ ਹੋਈ ਸੀ, ਜਿਸ ਵਿੱਚੋਂ ਭਾਜਪਾ ਸਿਰਫ ਦੋ ਸੀਟਾਂ ਹੀ ਜਿੱਤ ਸਕੀ। ਇੱਥੇ ਕਾਂਗਰਸ ਇੱਕ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਕਾਂਗਰਸ ਨੇ ਸਭ ਤੋਂ ਵੱਧ 21 ਸੀਟਾਂ ਜਿੱਤੀਆਂ। ਹਾਲਾਂਕਿ, ਕੋਈ ਵੀ ਪਾਰਟੀ ਇੱਥੇ ਸਪੱਸ਼ਟ ਬਹੁਮਤ ਹਾਸਲ ਨਹੀਂ ਕਰ ਸਕੀ। ਕਾਂਗਰਸ ਨੇ ਆਪਣੇ ਸੀਨੀਅਰ ਲੀਡਰ ਕਮਲ ਨਾਥ ਤੇ ਅਹਿਮਦ ਪਟੇਲ ਨੂੰ ਮੇਘਾਲਿਆ ਭੇਜਿਆ ਹੈ ਤਾਂ ਜੋ ਉਹ ਸਰਕਾਰ ਬਣਾਉਣ ਲਈ ਕੋਈ ਹੀਲਾ ਵਸੀਲਾ ਪੈਦਾ ਕਰ ਸਕਣ।