ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 9 ਸਾਲਾਂ ਦੇ ਭਾਜਪਾ ਰਾਜ ਦੌਰਾਨ ਦੇਸ਼ ਦਾ ਕਰਜ਼ ਕਰੀਬ ਤਿੰਨ ਗੁਣਾ ਵਧ ਕੇ 155 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਹਿਸਾਬ ਨਾਲ ਹਰੇਕ ਭਾਰਤੀ ਉਪਰ 1.20 ਲੱਖ ਰੁਪਏ ਦਾ ਕਰਜ਼ਾ ਹੈ। ਇਹ ਦਾਅਵਾ ਕਾਂਗਰਸ ਨੇ ਕੀਤਾ ਹੈ। ਕਾਂਗਰਸ ਨੇ ਅਰਥਚਾਰੇ ਦੇ ਹਾਲਾਤ ਬਾਰੇ ਵ੍ਹਾਈਟ ਪੇਪਰ (ਸ਼ਵੇਤ ਪੱਤਰ) ਲਿਆਉਣ ਦੀ ਮੰਗ ਕੀਤੀ ਹੈ।
ਕਾਂਗਰਸ ਦੀ ਬੁਲਾਰੀ ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਮੋਦੀ ਸਰਕਾਰ ਦਾ ‘ਆਰਥਿਕ ਕੁਪ੍ਰਬੰਧਨ’ ਅਰਥਚਾਰੇ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਹੈ ਤੇ ਦਾਅਵਾ ਕੀਤਾ ਕਿ 2014 ’ਚ ਸਰਕਾਰ ਬਣਨ ਮਗਰੋਂ 100 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਵਧਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਕੇਂਦਰ ਦੀ ਸਰਕਾਰ ਦੇ ਢਿੱਲੀ, ਨਿਕੰਮੀ ਤੇ ਭ੍ਰਿਸ਼ਟ ਹੋਣ ਦੇ ਦੋਸ਼ ਲਾਉਂਦੇ ਸਨ ਪਰ ਅੱਜ ਇਹੋ ਵਿਸ਼ੇਸ਼ਣ ਉਨ੍ਹਾਂ ਤੇ ਉਨ੍ਹਾਂ ਦੀ ਸਰਕਾਰ ’ਤੇ ਪੂਰੇ ਢੁੱਕਦੇ ਹਨ। ‘ਸਰਕਾਰ ਦੀ ਨਾਕਾਮੀ ਕਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਗਈ ਹੈ ਜਿਸ ਦੇ ਨਤੀਜੇ ਵਜੋਂ ਦੇਸ਼ ਭਾਰੀ ਕਰਜ਼ੇ ਦੇ ਬੋਝ ਦਾ ਸਾਹਮਣਾ ਕਰ ਰਿਹਾ ਹੈ।’
ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਪਿਛਲੇ 67 ਸਾਲਾਂ ’ਚ 14 ਪ੍ਰਧਾਨ ਮੰਤਰੀਆਂ ਦੀ ਅਗਵਾਈ ਹੇਠ ਦੇਸ਼ ’ਤੇ 55 ਲੱਖ ਕਰੋੜ ਰੁਪਏ ਦਾ ਕਰਜ਼ ਸੀ ਜਦਕਿ ਇਕੱਲੇ ਮੋਦੀ ਦੌਰਾਨ ਇਹ ਵਧ ਕੇ 100 ਲੱਖ ਕਰੋੜ ਨੂੰ ਪਾਰ ਹੋ ਗਿਆ ਹੈ। ‘ਆਰਥਿਕ ਪ੍ਰਬੰਧਨ ਅਤੇ ਸੁਰਖੀ (ਹੈੱਡਲਾਈਨ) ਪ੍ਰਬੰਧਨ ਇਕੋ ਜਿਹੀ ਗੱਲ ਨਹੀਂ ਹੈ। ਭਾਰਤੀ ਅਰਥਚਾਰੇ ਨੂੰ ਸੁਰਖੀਆਂ ਬਣਾ ਕੇ ਨਹੀਂ ਚਲਾਇਆ ਜਾ ਸਕਦਾ ਹੈ। ਇਹ ਟੈਲੀਪ੍ਰੌਂਪਟਰਾਂ ਤੇ ਵਟਸਐਪ ਰਾਹੀਂ ਸੁਨੇਹੇ ਅੱਗੇ ਭੇਜ ਕੇ ਨਹੀਂ ਚਲਾਇਆ ਜਾ ਸਕਦਾ ਹੈ। ਅਸੀਂ ਸ਼ਵੇਤ ਪੱਤਰ ਦੀ ਮੰਗ ਕਰਦੇ ਹਾਂ ਕਿਉਂਕਿ ਗੜਬੜੀਆਂ ਹੋਰ ਵਧਦੀਆਂ ਜਾ ਰਹੀਆਂ ਹਨ।’
ਸ੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਕੁੱਲ ਅਬਾਦੀ ਦਾ 50 ਫ਼ੀਸਦੀ, ਜਿਨ੍ਹਾਂ ਕੋਲ ਦੇਸ਼ ਦੀ ਤਿੰਨ ਫ਼ੀਸਦ ਕਮਾਈ ਹੈ, ਲੋਕ 64 ਫ਼ੀਸਦੀ ਜੀਐਸਟੀ ਅਦਾ ਕਰਦੇ ਹਨ। ਦੂਜੇ ਪਾਸੇ 10 ਫ਼ੀਸਦੀ ਅਮੀਰ, ਜਿਨ੍ਹਾਂ ਕੋਲ ਦੇਸ਼ ਦੀ 80 ਫ਼ੀਸਦ ਦੌਲਤ ਹੈ, ਸਿਰਫ਼ ਤਿੰਨ ਫ਼ੀਸਦੀ ਜੀਐਸਟੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ ਐਲਪੀਜੀ, ਪੈਟਰੋਲ ਤੇ ਡੀਜ਼ਲ ਵੀ ਦੁਨੀਆ ਦੇ ਹੋਰ ਮੁਲਕਾਂ ਨਾਲੋਂ ਮਹਿੰਗੇ ਹਨ।
ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਸਕਿੰਟ ’ਚ 4 ਲੱਖ ਰੁਪਏ ਦਾ ਕਰਜ਼ਾ ਚੜ੍ਹ ਰਿਹਾ ਹੈ। ਕਾਂਗਰਸ ਤਰਜਮਾਨ ਨੇ ਕਿਹਾ ਕਿ ਸਰਕਾਰ ਕਰਜ਼ੇ ’ਤੇ 11 ਲੱਖ ਕਰੋੜ ਰੁਪਏ ਸਾਲਾਨਾ ਵਿਆਜ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੀਡੀਪੀ ਅਨੁਪਾਤ ਅਨੁਸਾਰ ਦੇਸ਼ ਦਾ ਕਰਜ਼ਾ 84 ਫ਼ੀਸਦ ਵਧ ਗਿਆ ਹੈ।