Monsoon Session: ਕੇਂਦਰ ਸਰਕਾਰ ਖਿਲਾਫ ਵਿਰੋਧ ਦੇ ਚੱਲਦਿਆਂ ਅੱਜ ਵੀ ਸੰਸਦ ਦੀ ਕਾਰਵਾਈ ਨਹੀਂ ਹੋ ਸਕੀ। ਮਹਿੰਗਾਈ ਤੇ ਹੋਰ ਕਈ ਮਸਲਿਆਂ ’ਤੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੀ ਨਾਰਾਜ਼ਗੀ ਕਾਰਨ ਰਾਜ ਸਭਾ ਦੀ ਬੈਠਕ ਅੱਜ ਸ਼ੁਰੂ ਹੋਣ ਤੋਂ 10 ਮਿੰਟਾਂ ਦੇ ਅੰਦਰ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰਾਂ ਨੇ ਇਨ੍ਹਾਂ ਮੁੱਦਿਆਂ ਉੱਪਰ ਬਹਿਸ ਦੀ ਮੰਗ ਕੀਤੀ।



ਇਸ ਦੌਰਾਨ ਮਹਿੰਗਾਈ, ਜੀਐਸਟੀ ਸਣੇ ਹੋਰ ਕਈ ਮਾਮਲਿਆਂ 'ਤੇ ਕਾਂਗਰਸ ਸਮੇਤ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ ਸ਼ੁਰੂ ਹੋਣ ਤੋਂ ਕਰੀਬ 15 ਮਿੰਟ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਵਿਰੋਧੀ ਧਿਰਾਂ ਮਹਿੰਗਾਈ, ਜੀਐਸਟੀ ਸਣੇ ਹੋਰ ਕਈ ਮਾਮਲਿਆਂ 'ਤੇ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੇ ਹਨ।



ਦੱਸ ਦਈਏ ਕਿ ਮੰਗਲਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ ਵਿੱਚ ਵਿਰੋਧੀ ਧਿਰ ਨੇ ਵਧ ਰਹੀ ਮਹਿੰਗਾਈ ਦੇ ਮੁੱਦੇ ’ਤੇ ਰੋਸ ਜ਼ਾਹਿਰ ਕੀਤਾ ਸੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਕੁਝ ਨਵੀਆਂ ਵਸਤਾਂ ’ਤੇ ਜੀਐਸਟੀ ਲਾਏ ਜਾਣ ਦਾ ਵਿਰੋਧ ਕੀਤਾ ਤੇ ਵਧ ਰਹੀਆਂ ਕੀਮਤਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਸੀ। ਇਸ ’ਤੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਸੀ। 


ਵਿਰੋਧੀ ਧਿਰ ਦੇ ਮੈਂਬਰਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰਾਜ ਸਭਾ ਵਿੱਚ ਵੀ ਵਿਰੋਧੀ ਧਿਰ ਦੀ ਨਾਅਰੇਬਾਜ਼ੀ ਕਾਰਨ ਕੋਈ ਅਹਿਮ ਕੰਮਕਾਰ ਨਹੀਂ ਹੋ ਸਕਿਆ। ਕਾਂਗਰਸ ਸਣੇ ਵਿਰੋਧੀ ਧਿਰਾਂ ਨੇ ਸਦਨ ਦੀ ਕਾਰਵਾਈ ਵਿਚ ਅੜਿੱਕਾ ਪਾਉਂਦਿਆਂ ਮਹਿੰਗਾਈ ਤੇ ਅਗਨੀਪਥ ਸਕੀਮ ਉਤੇ ਵਿਚਾਰ-ਚਰਚਾ ਦੀ ਮੰਗ ਕੀਤੀ। ਰੌਲੇ-ਰੱਪੇ ਕਾਰਨ ਚੇਅਰਮੈਨ ਨੇ ਸਦਨ ਦੀ ਕਾਰਵਾਈ ਪਹਿਲਾਂ ਦੋ ਵਜੇ ਤੱਕ ਮੁਅੱਤਲ ਕਰ ਦਿੱਤੀ। ਕਾਂਗਰਸ, ਖੱਬੇ ਪੱਖੀ ਧਿਰਾਂ ਤੇ ‘ਆਪ’ ਨੇ ਇਨ੍ਹਾਂ ਮੁੱਦਿਆਂ ਉਤੇ ਚਰਚਾ ਦੀ ਮੰਗ ਕੀਤੀ।