Monsoon Update: ਦੇਸ਼ ਦੇ ਕਈ ਰਾਜ ਇਸ ਸਮੇਂ ਅੱਤ ਦੀ ਗਰਮੀ ਅਤੇ ਹੀਟਵੇਵ ਦਾ ਸਾਹਮਣਾ ਕਰ ਰਹੇ ਹਨ। ਗਰਮੀ ਕਾਰਨ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਹੀਟਵੇਵ ਕਾਰਨ ਦਿੱਲੀ, ਪੰਜਾਬ, ਯੂਪੀ, ਰਾਜਸਥਾਨ, ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼ ਵਿੱਚ ਹਾਲਾਤ ਖ਼ਰਾਬ ਹਨ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਗਲੇ ਚਾਰ ਦਿਨਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਬਾਰਿਸ਼ ਹੋ ਸਕਦੀ ਹੈ।



ਕਈ ਰਾਜਾਂ ਵਿੱਚ ਪਾਰਾ 50 ਡਿਗਰੀ ( 50 degrees) ਤੱਕ ਪਹੁੰਚ ਗਿਆ ਹੈ। ਹਾਲਾਂਕਿ ਕੁਝ ਸੂਬਿਆਂ 'ਚ ਹਲਕੀ ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਬਾਅਦ ਵੀ ਤਾਪਮਾਨ 43 ਤੋਂ 44 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ।  ਦਿੱਲੀ, ਪੰਜਾਬ, ਯੂਪੀ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਦੇ ਲੋਕ ਇਸ ਸਮੇਂ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


ਮਹਾਰਾਸ਼ਟਰ 'ਚ ਮਾਨਸੂਨ ਪਹੁੰਚ ਗਿਆ ਹੈ


ਮਹਾਰਾਸ਼ਟਰ ਦੇ ਕੋਂਕਣ ਖੇਤਰ ਵਿੱਚ 6 ਜੂਨ ਨੂੰ ਮਾਨਸੂਨ ਪਹੁੰਚ ਗਿਆ ਹੈ। ਮਾਨਸੂਨ ਹੁਣ ਰਤਨਾਗਿਰੀ ਅਤੇ ਸੋਲਾਪੁਰ ਵੱਲ ਵਧ ਰਿਹਾ ਹੈ। ਮਾਨਸੂਨ 9-10 ਜੂਨ ਤੱਕ ਮੁੰਬਈ ਪਹੁੰਚ ਸਕਦਾ ਹੈ। 


ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਕਦੋਂ ਪਹੁੰਚੇਗਾ ਮਾਨਸੂਨ?


ਮੌਸਮ ਵਿਭਾਗ ਮੁਤਾਬਕ ਮਾਨਸੂਨ 27 ਜੂਨ ਤੱਕ ਦਿੱਲੀ ਪਹੁੰਚ ਸਕਦਾ ਹੈ। ਇਸ ਤੋਂ ਪਹਿਲਾਂ ਦਿੱਲੀ 'ਚ ਹਲਕੀ ਪ੍ਰੀ-ਮਾਨਸੂਨ ਬਾਰਿਸ਼ ਹੋ ਸਕਦੀ ਹੈ, ਜਿਸ ਕਾਰਨ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ 'ਚ 24 ਤੋਂ 25 ਜੂਨ ਦੇ ਆਸਪਾਸ ਰਾਜਧਾਨੀ ਲਖਨਊ 'ਚ ਮਾਨਸੂਨ ਪਹੁੰਚ ਸਕਦਾ ਹੈ, ਜਿਸ ਤੋਂ ਬਾਅਦ ਚੰਗੀ ਬਾਰਿਸ਼ ਹੋ ਸਕਦੀ ਹੈ।


ਰਾਜਸਥਾਨ ਵਿੱਚ ਮਾਨਸੂਨ ਬਾਰੇ ਅਪਡੇਟ 


ਮੌਸਮ ਵਿਭਾਗ ਮੁਤਾਬਕ ਮਾਨਸੂਨ 20 ਜੂਨ ਤੱਕ ਰਾਜਸਥਾਨ ਵਿੱਚ ਦਾਖ਼ਲ ਹੋ ਸਕਦਾ ਹੈ। ਇਸ ਤੋਂ ਬਾਅਦ ਸੂਬੇ 'ਚ ਚੰਗੀ ਬਾਰਿਸ਼ ਹੋ ਸਕਦੀ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ।


ਬਿਹਾਰ ਅਤੇ ਝਾਰਖੰਡ 'ਚ ਕਦੋਂ ਪਹੁੰਚੇਗਾ ਮਾਨਸੂਨ? 


ਆਈਐਮਡੀ ਮੁਤਾਬਕ ਬਿਹਾਰ ਵਿੱਚ 10 ਤੋਂ 12 ਜੂਨ ਦਰਮਿਆਨ ਮਾਨਸੂਨ ਪਹੁੰਚ ਸਕਦਾ ਹੈ। ਜੇਕਰ ਝਾਰਖੰਡ ਦੀ ਗੱਲ ਕਰੀਏ ਤਾਂ ਮਾਨਸੂਨ ਇੱਥੇ 15 ਜੂਨ ਤੱਕ ਪੰਜ ਦਿਨ ਦੀ ਦੇਰੀ ਨਾਲ ਦਾਖਲ ਹੋਵੇਗਾ।


ਉੱਤਰ-ਪੱਛਮੀ ਭਾਰਤ ਦੇ ਰਾਜਾਂ ਦੀ ਗੱਲ ਕਰੀਏ ਤਾਂ 8 ਤੋਂ 9 ਜੂਨ ਦਰਮਿਆਨ ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਹਿਮਾਚਲ ਪ੍ਰਦੇਸ਼ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ 8 ਅਤੇ 9 ਜੂਨ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।