ਮੋਨੂੰ ਮਾਨੇਸਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਬਜਰੰਗ ਦਲ ਦੇ ਮੋਨੂੰ ਮਾਨੇਸਰ ਨੂੰ ਹਰਿਆਣਾ ਪੁਲਿਸ ਨੇ ਹਿਰਾਸਤ ਵਿਚ ਲੈਣ ਤੋਂ ਬਾਅਦ ਅਧਿਕਾਰਤ ਤੌਰ 'ਤੇ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਨੂਹ 'ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਏਡੀਜੀ ਲਾਅ ਐਂਡ ਆਰਡਰ ਮਮਤਾ ਸਿੰਘ ਮੁਤਾਬਕ ਅਗਸਤ ਮਹੀਨੇ ਵਿੱਚ ਮੋਨੂੰ ਮਾਨੇਸਰ ਨੇ ਸੋਸ਼ਲ ਮੀਡੀਆ ਉੱਤੇ ਭੜਕਾਊ ਪੋਸਟ ਪਾਈ ਸੀ। ਨੂਹ ਪੁਲਿਸ ਨੇ ਇਸ ਮਾਮਲੇ 'ਚ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕਰ ਲਿਆ ਹੈ।


ਗਊ ਰੱਖਿਅਕ ਮੋਨੂੰ ਮਾਨੇਸਰ ਨੂੰ ਪੁਲਿਸ ਨੇ ਮੰਗਲਵਾਰ ਨੂੰ ਹਿਰਾਸਤ 'ਚ ਲੈ ਲਿਆ ਸੀ, ਜਿਸ ਖਿਲਾਫ ਰਾਜਸਥਾਨ ਪੁਲਿਸ ਨੇ ਬੀਤੀ ਫਰਵਰੀ 'ਚ ਦੋ ਮੁਸਲਿਮ ਵਿਅਕਤੀਆਂ ਦੇ ਕਤਲ ਦਾ ਮਾਮਲਾ ਦਰਜ ਕੀਤਾ ਸੀ। ਕੁਝ ਲੋਕਾਂ ਨੇ ਉਸ 'ਤੇ ਨੂਹ 'ਚ ਹਿੰਸਾ ਲਈ ਭੀੜ ਨੂੰ ਭੜਕਾਉਣ ਦਾ ਵੀ ਦੋਸ਼ ਲਗਾਇਆ ਸੀ।


ਇੱਕ ਵੀਡੀਓ ਵਿੱਚ ਕਥਿਤ ਤੌਰ 'ਤੇ ਉਸ ਨੂੰ ਸਾਦੇ ਕੱਪੜਿਆਂ ਵਿੱਚ ਪਹਿਨੇ ਵਿਅਕਤੀਆਂ ਦੁਆਰਾ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਮਾਨੇਸਰ ਦਾ ਅਸਲੀ ਨਾਂ ਮੋਹਿਤ ਯਾਦਵ ਹੈ। ਨੂਹ 'ਚ 31 ਜੁਲਾਈ ਦੀ ਹਿੰਸਾ ਤੋਂ ਪਹਿਲਾਂ ਮਾਨੇਸਰ (30) ਦੀ ਇੱਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਸ ਨੇ ਬ੍ਰਿਜ ਮੰਡਲ ਦੇ ਜਲਾਭਿਸ਼ੇਕ ਜਲੂਸ 'ਚ ਹਿੱਸਾ ਲੈਣ ਦੀ ਗੱਲ ਕਹੀ ਸੀ ਅਤੇ ਲੋਕਾਂ ਨੂੰ ਇਸ 'ਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਸੀ।


VHP ਦੀ ਅਗਵਾਈ ਵਾਲੀ ਯਾਤਰਾ 'ਤੇ ਹਰਿਆਣਾ ਦੇ ਨੂਹ 'ਚ ਭੀੜ ਨੇ ਹਮਲਾ ਕਰ ਦਿੱਤਾ। ਇਸ ਹਿੰਸਾ ਵਿੱਚ ਨੂਹ ਅਤੇ ਗੁਰੂਗ੍ਰਾਮ ਦੇ ਛੇ ਲੋਕ ਮਾਰੇ ਗਏ ਸਨ। ਨੂਹ ਅਤੇ ਆਸਪਾਸ ਦੇ ਜ਼ਿਲ੍ਹਿਆਂ ਵਿੱਚ ਕਈ ਦਿਨਾਂ ਤੱਕ ਤਣਾਅ ਬਣਿਆ ਹੋਇਆ ਸੀ। ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਸਨ ਅਤੇ ਮੋਬਾਈਲ ਇੰਟਰਨੈੱਟ ਸੇਵਾਵਾਂ 'ਤੇ ਪਾਬੰਦੀ ਲਗਾ ਦਿੱਤੀ ਸੀ।


ਜ਼ਿਕਰ ਕਰ ਦਈਏ ਕਿ ਰਾਜਸਥਾਨ ਪੁਲਿਸ ਨੇ 16 ਫਰਵਰੀ ਨੂੰ ਹਰਿਆਣਾ ਦੇ ਭਿਵਾਨੀ, ਲੋਹਾਰੂ ਵਿੱਚ ਇੱਕ ਸੜੀ ਹੋਈ ਕਾਰ ਵਿੱਚੋਂ ਦੋ ਵਿਅਕਤੀਆਂ, ਨਸੀਰ (25) ਅਤੇ ਜੁਨੈਦ (35) ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਾਨੇਸਰ ਵਿਰੁੱਧ ਐਫਆਈਆਰ ਦਰਜ ਕੀਤੀ ਸੀ।  ਰਾਜਸਥਾਨ ਪੁਲਿਸ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਸਾਜ਼ਿਸ਼ ਰਚਣ ਅਤੇ ਅਪਰਾਧ ਨੂੰ ਉਕਸਾਉਣ ਵਿਚ ਮਾਨੇਸਰ ਦੀ ਭੂਮਿਕਾ 'ਸਰਗਰਮ ਜਾਂਚ' ਅਧੀਨ ਸੀ।