ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਅੰਕੜਿਆਂ ਮੁਤਾਬਕ ਰਾਸ਼ਟਰੀ ਰਾਜਧਾਨੀ 'ਚ ਰੋਜ਼ਾਨਾ ਪੰਜ ਤੋਂ ਵੱਧ ਔਰਤਾਂ ਬਲਾਤਕਾਰ ਜਿਹੇ ਜ਼ੁਰਮ ਦਾ ਸ਼ਿਕਾਰ ਹੁੰਦੀਆਂ ਹਨ।   ਪੁਲਿਸ ਨੇ ਦਾਅਵਾ ਕੀਤਾ ਕਿ ਬੀਤੇ ਸਾਲ 96.63% ਬਲਾਤਕਾਰ ਦੇ ਅਜਿਹੇ ਕੇਸ ਦਰਜ ਕੀਤੇ ਗਏ ਜਿਨ੍ਹਾਂ 'ਚ ਪੀੜਤਾਂ ਦੇ ਜਾਣਕਾਰਾਂ ਨੇ ਹੀ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਪ੍ਰਾਪਤ ਅੰਕੜਿਆਂ ਮੁਤਾਬਕ ਜਿੱਥੇ ਸਾਲ 2017 ਵਿੱਚ 563 ਰੇਪ ਦੇ ਕੇਸ ਦਰਜ ਕੀਤੇ ਗਏ, ਉੱਥੇ ਹੀ ਮੌਜੂਦਾ ਸਾਲ ਅਪ੍ਰੈਲ ਦੇ ਮੱਧ ਤੱਕ ਇਨ੍ਹਾਂ ਕੇਸਾਂ ਦੀ ਗਿਣਤੀ ਵਧ ਕੇ 578 ਹੋ ਗਈ ਹੈ। ਪੁਲਿਸ ਨੇ ਦੱਸਿਆ ਕਿ ਆਏ ਦਿਨ ਅਜਿਹੇ ਕੇਸਾਂ ਦੀ ਰਜਿਸਟ੍ਰੇਸ਼ਨ ਵਧ ਰਹੀ ਹੈ। ਹਾਲਾਕਿ ਛੇੜਛਾੜ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਘੱਟ ਦਰਜ ਹੋਏ ਹਨ। ਸਾਲ 2017 ਚ ਮੱਧ ਅਪ੍ਰੈਲ ਤੱਕ ਔਰਤਾਂ ਨਾਲ ਛੇੜਛਾੜ ਦੇ 944 ਮਾਮਲੇ ਦਰਜ ਹੋਏ ਜਦਕਿ ਮੌਜੂਦਾ ਸਾਲ ਇਹ ਅੰਕੜਾ ਘਟ ਕੇ 883 ਰਹਿ ਗਿਆ ਹੈ। ਪੁਲਿਸ ਦੇ ਅੰਕੜਿਆਂ ਮੁਤਾਬਕ 2016 ਵਿੱਚ 2064 ਜਦਕਿ 2017 ਵਿੱਚ 2049 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ ਸਾਲ 2016 ਵਿੱਚ ਔਰਤਾਂ ਨਾਲ ਛੇੜਛਾੜ ਦੇ 4,035 ਜਦਕਿ 2017 ਵਿੱਚ 3,273 ਮਾਮਲੇ ਦਰਜ ਕੀਤੇ ਗਏ।