ਭੋਪਾਲ: ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਰਤਲਾਮ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਜੋੜੇ ਨੇ ਵਿਆਹ ਦੇ ਪ੍ਰੋਗਰਾਮ ਦੌਰਾਨ ਹੀ ਦੋਵਾਂ ਪਰਿਵਾਰਾਂ ਵਿੱਚ ਝਗੜਾ ਹੋਣ ਕਰਕੇ ਵਿਆਹ ਤੋੜ ਦਿੱਤਾ। ਦਰਅਸਲ ਲਾੜੀ ਦੇ ਪਹਿਰਾਵੇ ਨੂੰ ਲੈ ਕੇ ਵੱਡਾ ਵਿਵਾਦ ਛਿੜ ਗਿਆ ਸੀ।


ਵਰਸ਼ਾ ਸੋਨਾਵਾ ਤੇ ਵੱਲਭ ਪੰਚੋਲੀ ਨੂੰ ਮੱਧ ਪ੍ਰਦੇਸ਼ ਦੇ ਰਤਲਾਮ ਵਿੱਚ ਵਿਆਹ ਕਰਾਉਣਾ ਸੀ। ਵਿਆਹ ਦੇ ਪ੍ਰੋਗਰਾਮ ਦੌਰਾਨ ਲਾੜੇ ਦੇ ਪਰਿਵਾਰ ਨੇ ਲਾੜੀ ਦੇ ਗਾਊਨ ਪਾਉਣ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਲੜਕੀ ਨੂੰ ਸਾੜੀ ਪਾਉਣ ਲਈ ਕਿਹਾ। ਲਾੜੇ ਦੇ ਪਰਿਵਾਰ ਦੀ ਮੰਗ ਸੀ ਕਿ ਲਾੜੀ ਸਿਰ ਕੱਜ ਕੇ ਰੱਖੇ ਪਰ ਵਰਸ਼ਾ ਨੇ ਅਜਿਹਾ ਕਰਨੋਂ ਮਨ੍ਹਾ ਕਰ ਦਿੱਤਾ। ਇਸੇ ਗੱਲ ’ਤੇ ਦੋਵਾਂ ਪਰਿਵਾਰਾਂ ਵਿੱਚ ਵਿਵਾਦ ਖੜ੍ਹਾ ਹੋ ਗਿਆ।

ਮਾਮਲਾ ਇੰਨਾ ਵਿਗੜ ਗਿਆ ਕਿ ਦੋਵੇਂ ਪਰਿਵਾਰ ਥਾਣੇ ਪਹੁੰਚ ਗਏ। ਵਿਆਹ ਵਾਲਾ ਮੁੰਡਾ ਖ਼ੁਦ ਪੂਰੀ ਜੰਞ ਲੈ ਕੇ ਥਾਣੇ ਪੁੱਜਾ। ਥਾਣੇ ਵਿੱਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ 3 ਘੰਟਿਆਂ ਦੀ ਬਹਿਸ ਦੇ ਬਾਅਦ ਦੋਵਾਂ ਜਣਿਆਂ ਵਿਆਹ ਤੋੜਨ ਦਾ ਫੈਸਲਾ ਲੈ ਲਿਆ। ਜਾਣਕਾਰੀ ਮੁਤਾਬਕ ਲਾੜਾ ਸਿਵਲ ਇੰਜਨਿਅਰ ਹੈ ਤੇ ਲੜਕੀ ਸਰਕਾਰੀ ਮੁਲਾਜ਼ਮ ਹੈ।