ਨਵੀਂ ਦਿੱਲੀ: ਇੰਗਲੈਂਡ ਵਿੱਚ ਖੇਡੇ ਗਏ ਵਿਸ਼ਵ ਕੱਪ 'ਚੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਬਾਰੇ ਵੱਡੀ ਖ਼ਬਰ ਆਈ ਹੈ। ਵਿਸ਼ਵ ਕੱਪ ਦੌਰਾਨ ਹੌਲੀ ਬੱਲੇਬਾਜ਼ੀ ਕਾਰਨ ਨਿਸ਼ਾਨੇ 'ਤੇ ਆਏ ਮਹੇਂਦਰ ਸਿੰਘ ਧੋਨੀ ਨੂੰ ਵੈਸਟਇੰਡੀਜ਼ ਦੌਰੇ 'ਤੇ ਟੀਮ ਨਾਲ ਨਹੀਂ ਲਿਜਾਇਆ ਜਾਵੇਗਾ। ਦੱਸ ਦੇਈਏ ਕਿ ਸੈਮੀਫਾਈਨਲ ਵਿੱਚ ਮਿਲੀ ਹਾਰ ਤੋਂ ਬਾਅਦ ਧੋਨੀ ਵੱਲੋਂ ਸੰਨਿਆਸ ਲੈ ਲੈਣ ਦੇ ਕਿਆਸ ਲਾਏ ਜਾ ਰਹੇ ਹਨ।

ਅੰਗਰੇਜ਼ੀ ਅਖ਼ਬਾਰ 'ਟਾਈਮਜ਼ ਆਫ ਇੰਡੀਆ' ਦੀ ਖ਼ਬਰ ਮੁਤਾਬਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਚੋਣਕਾਰ ਐਮਐਸਕੇ ਪ੍ਰਸਾਧ, ਧੋਨੀ ਦੇ ਕਰੀਅਰ ਬਾਰੇ ਉਨ੍ਹਾਂ ਨਾਲ ਗੱਲਬਾਤ ਕਰਨ ਵਾਲੇ ਹਨ। ਬੀਸੀਸੀਆਈ ਦੇ ਸੂਤਰਾਂ ਨੇ ਦੱਸਿਆ, "ਪੰਤ ਜਿਹੇ ਖਿਡਾਰੀ ਹੁਣ ਆਪਣੇ ਚਾਂਸ ਦੀ ਉਮੀਦ ਕਰ ਰਹੇ ਹਨ। ਧੋਨੀ ਹੁਣ ਪਹਿਲਾਂ ਵਾਂਗ ਬੱਲੇਬਾਜ਼ੀ ਨਹੀਂ ਕਰ ਸਕਦੇ ਤੇ ਉਨ੍ਹਾਂ ਵੱਲੋਂ ਕੀਤੀ ਜਾਣ ਵਾਲੀ ਹੌਲੀ ਬੱਲੇਬਾਜ਼ੀ ਕਾਰਨ ਟੀਮ ਦੇ ਪ੍ਰਦਰਸ਼ਨ 'ਤੇ ਅਸਰ ਪੈ ਰਿਹਾ ਹੈ।"

ਅਜਿਹੇ ਵਿੱਚ ਕਿਆਸ ਲਾਏ ਜਾ ਰਹੇ ਹਨ ਕਿ ਧੋਨੀ ਹੁਣ ਅਗਲੇ ਸਾਲ ਹੋਣ ਵਾਲੇ 20-20 ਵਿਸ਼ਵ ਕੱਪ ਵਿੱਚ ਸ਼ਾਮਲ ਨਹੀਂ ਹੋਣਗੇ। ਇੰਨਾ ਹੀ ਨਹੀਂ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਹਾਰ ਮਗਰੋਂ ਵਿਰਾਟ ਕੋਹਲੀ ਦੀ ਕਪਤਾਨੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ।

ਇਸ ਤੋਂ ਪਹਿਲਾਂ ਆਈਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਵਿਰਾਟ ਕੋਹਲੀ ਤੇ ਜਸਪ੍ਰੀਤ ਬੁਮਰਾਹ ਨੂੰ ਵੈਸਟਇੰਡੀਜ਼ ਦੌਰੇ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਅਜਿਹੇ ਵਿੱਚ ਟੀਮ ਦੀ ਕਮਾਨ ਰੋਹਿਤ ਸ਼ਰਮਾ ਤੇ ਅਜਿੰਕਿਆ ਰਹਾਣੇ (ਟੈਸਟ ਮੈਚ) ਸੰਭਾਲ ਸਕਦੇ ਹਨ। ਵੈਸਟ ਇੰਡੀਜ਼ ਦੌਰਾਨ ਤਿੰਨ ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ। ਇੱਥੇ ਭਾਰਤੀ ਟੀਮ ਤਿੰਨ ਟੀ20, ਤਿੰਨ ਇੱਕ ਦਿਨਾ ਤੇ ਦੋ ਟੈਸਟ ਮੈਚ ਖੇਡੇਗੀ।