ਨਵੀਂ ਦਿੱਲੀ: ਸਾਬਕਾ ਕ੍ਰਿਕੇਟ ਕਪਤਾਨ ਮਹੇਂਦਰ ਸਿੰਘ ਧੋਨੀ ਵੈਸਟ ਇੰਡੀਜ਼ ਦੌਰ 'ਤੇ ਟੀਮ ਦੇ ਨਾਲ ਨਾ ਜਾ ਕੇ ਫ਼ੌਜ ਦੀ ਡਿਊਟੀ 'ਤੇ ਜਾ ਰਹੇ ਹਨ। ਧੋਨੀ ਨੇ ਕ੍ਰਿਕੇਟ ਤੋਂ ਦੋ ਮਹੀਨੇ ਦੀ ਛੁੱਟੀ ਵੀ ਲੈ ਲਈ ਹੈ ਤੇ ਉਹ ਹੁਣ ਫ਼ੌਜ ਨੂੰ ਆਪਣੀਆਂ ਸੇਵਾਵਾਂ ਦੇਣਗੇ।

ਧੋਨੀ ਪੈਰਾਸ਼ੂਟ ਰੈਜੀਮੈਂਟ ਦੀ 106 ਪੈਰਾ ਟੈਰੀਟੋਰੀਅਲ ਆਰਮੀ ਬਟਾਲੀਅਨ ਦਾ ਹਿੱਸਾ ਹਨ। ਉਹ 31 ਜੁਲਾਈ ਤੋਂ 15 ਅਗਸਤ ਤਕ ਕਸ਼ਮੀਰ ਵਿੱਚ ਫ਼ੌਜੀ ਸਿਖਲਾਈ ਲੈਣਗੇ। ਇਹ ਯੁਨਿਟ ਵਿਕਟਰ ਫੋਰਸ ਦਾ ਹਿੱਸਾ ਹੈ। ਧੋਨੀ ਇੱਥੇ ਪੈਟਰੋਲਿੰਗ, ਗਾਰਡ ਤੇ ਪੋਸਟ ਦੀ ਡਿਊਟੀ ਸੰਭਾਲਣਗੇ। ਇਸ ਦੌਰਾਨ ਉਹ ਫ਼ੌਜੀ ਜਵਾਨਾਂ ਦੇ ਨਾਲ ਹੀ ਰਹਿਣਗੇ।

ਧੋਨੀ ਨੂੰ ਭਾਰਤੀ ਟੈਰੀਟੋਰੀਅਲ ਆਰਮੀ ਨੇ ਸਾਲ 2011 ਵਿੱਚ ਸਨਮਾਨ ਵਜੋਂ ਆਨਰੇਰੀ ਲੈਫ਼ਟੀਨੈਂਟ ਕਰਨਲ ਰੈਂਕ ਦਾ ਅਹੁਦਾ ਦਿੱਤਾ ਸੀ। ਧੋਨੀ ਨੇ ਬੀਸੀਸੀਆਈ ਨੂੰ ਕਿਹਾ ਸੀ ਕਿ ਉਹ ਟੀਮ ਇੰਡੀਆ ਦੇ ਵੈਸਟ ਇੰਡੀਜ਼ ਦੌਰੇ ਲਈ ਉਪਲਬਧ ਨਹੀਂ ਰਹਿਣਗੇ। ਧੋਨੀ ਨੇ ਭਾਰਤ ਲਈ 350 ਇੱਕ ਦਿਨਾ, 90 ਟੈਸਟ ਅਤੇ 98 ਟੀ-20 ਕੌਮਾਂਤਰੀ ਮੈਚ ਖੇਡੇ ਹਨ। ਇਸ ਦੌਰਾਨ ਉਨ੍ਹਾਂ 10,773 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦਾ ਔਸਤ 50 ਤੋਂ ਵੱਧ ਰਿਹਾ ਹੈ।