Mudra Loan Yojana: ਕੋਈ ਵੀ ਕਾਰੋਬਾਰ ਸ਼ੁਰੂ ਕਰਨ ਲਈ ਮੋਟੀ ਰਕਮ ਦੀ ਲੋੜ ਹੁੰਦੀ ਹੈ। ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਇੰਨੀ ਰਕਮ ਦਾ ਬੰਦੋਬਸਤ ਕਰਨਾ ਔਖਾ ਹੁੰਦਾ ਹੈ। ਇਸ ਲਈ ਸਰਕਾਰ ਵੱਲੋਂ ਅਜਿਹੇ ਲੋਕਾਂ ਲਈ ਕਰਜ਼ੇ ਦੀ ਵਿਵਸਥਾ ਕੀਤੀ ਜਾਂਦੀ ਹੈ। ਸਰਕਾਰ ਵੱਲੋਂ ਰੇਹੜ-ਫੜ੍ਹੀ ਤੇ ਛੋਟੇ ਕਾਰੋਬਾਰੀਆਂ ਲਈ ਅਜਿਹਾ ਹੀ ਪ੍ਰਬੰਧ ਕੀਤਾ ਗਿਆ ਹੈ। ਇਸ ਤਹਿਤ ਉਹ ਬਿਨਾਂ ਕਿਸੇ ਗਰੰਟੀ ਦੇ 10 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। 



ਉਂਝ ਇਸ ਯੋਜਨਾ ਬਾਰੇ ਅਸੀਂ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਹਾਂ, ਪਰ ਹੁਣ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਨੂੰ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕਰਨ ਦਾ ਵਾਅਦਾ ਕੀਤਾ ਹੈ। ਦਰਅਸਲ, ਇੱਥੇ ਅਸੀਂ ਗੱਲ ਕਰ ਰਹੇ ਹਾਂ ਮੁਦਰਾ ਲੋਨ ਯੋਜਨਾ ਦੀ, ਜਿਸ ਨੂੰ ਲੈ ਕੇ ਬੀਜੇਪੀ ਦੇ ਸੰਕਲਪ ਪੱਤਰ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ। 


ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਇਸ ਯੋਜਨਾ ਤਹਿਤ ਮਿਲਣ ਵਾਲੇ ਕਰਜ਼ੇ ਨੂੰ ਦੁੱਗਣਾ ਕਰ ਦਿੱਤਾ ਜਾਵੇਗਾ। ਇਸ ਸਕੀਮ ਤਹਿਤ ਹੁਣ ਤੱਕ ਲੱਖਾਂ ਲੋਕ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ। ਪਹਿਲਾਂ ਇਹ ਸਕੀਮ ਸਿਰਫ ਰੇਹੜੀ-ਫੜ੍ਹੀ ਵਾਲਿਆਂ ਲਈ ਸ਼ੁਰੂ ਕੀਤੀ ਗਈ ਸੀ, ਪਰ ਹੁਣ ਇਹ ਫਲ-ਸਬਜ਼ੀ ਵੇਚਣ ਵਾਲਿਆਂ ਤੇ ਛੋਟੇ ਦੁਕਾਨਦਾਰਾਂ ਲਈ ਵੀ ਸ਼ੁਰੂ ਕੀਤੀ ਗਈ ਹੈ।



ਗਾਰੰਟੀ ਤੋਂ ਬਿਨਾਂ ਲੋਨ ਕਿਵੇਂ ਲਈਏ?
ਇਸ ਸਕੀਮ ਤਹਿਤ ਤਿੰਨ ਸ਼੍ਰੇਣੀਆਂ ਸ਼ਿਸ਼ੂ, ਕਿਸ਼ੋਰ ਤੇ ਤਰੁਣ ਵਿੱਚ ਕਰਜ਼ੇ ਦਿੱਤੇ ਜਾਂਦੇ ਹਨ। ਪਹਿਲੀ ਸ਼੍ਰੇਣੀ ਵਿੱਚ 50 ਹਜ਼ਾਰ ਰੁਪਏ ਤੱਕ, ਦੂਜੇ ਵਰਗ ਵਿੱਚ 50 ਹਜ਼ਾਰ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਇਸ ਕਰਜ਼ੇ ਲਈ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਦੇਣੀ ਪੈਂਦੀ। ਲੋਨ ਲੈਣ ਲਈ, ਤੁਹਾਨੂੰ ਅਰਜ਼ੀ ਦੇ ਨਾਲ ਇਹ ਦੱਸਣਾ ਹੋਵੇਗਾ ਕਿ ਤੁਸੀਂ ਕਿਸ ਤਰ੍ਹਾਂ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ। 



ਤੁਸੀਂ ਬੈਂਕ ਜਾ ਕੇ ਇਸ ਸਕੀਮ ਦਾ ਲਾਭ ਲੈ ਸਕਦੇ ਹੋ। ਵੱਖ-ਵੱਖ ਬੈਂਕ ਵੱਖ-ਵੱਖ ਵਿਆਜ ਦਰਾਂ 'ਤੇ ਲੋਨ ਦਿੰਦੇ ਹਨ। ਇਹ ਵਿਆਜ ਦਰ 10 ਫੀਸਦੀ ਤੋਂ ਲੈ ਕੇ 12 ਫੀਸਦੀ ਤੱਕ ਹੋ ਸਕਦੀ ਹੈ। ਅਰਜ਼ੀ ਦੇ ਨਾਲ ਦਿੱਤੇ ਗਏ ਸਾਰੇ ਦਸਤਾਵੇਜ਼ਾਂ ਦੀ ਬੈਂਕ ਦੁਆਰਾ ਜਾਂਚ ਕੀਤੀ ਜਾਂਦੀ ਹੈ ਤੇ ਇਸ ਤੋਂ ਬਾਅਦ, ਜੇਕਰ ਸਭ ਕੁਝ ਠੀਕ ਹੈ ਤਾਂ ਮੁਦਰਾ ਕਾਰਡ ਜਾਰੀ ਕੀਤਾ ਜਾਂਦਾ ਹੈ। ਇਹ ਇੱਕ ਕਿਸਮ ਦਾ ਡੈਬਿਟ ਕਾਰਡ ਹੈ, ਜਿਸ ਰਾਹੀਂ ਤੁਸੀਂ ਕਾਰੋਬਾਰ ਲਈ ਲੋੜ ਪੈਣ 'ਤੇ ਪੈਸੇ ਦਾ ਭੁਗਤਾਨ ਕਰ ਸਕਦੇ ਹੋ।