ਮੁੰਬਈ: ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਘਰ ਬਾਹਰੋਂ ਵਿਸਫ਼ੋਟਕ ਸਮੱਗਰੀ ਨਾਲ ਮਿਲੀ ਸਕਾਰਪੀਓ ਮਾਮਲੇ 'ਚ ਸੀਸੀਟੀਵੀ ਫੁਟੇਜ਼ 'ਚ ਇੱਕ ਸ਼ਖ਼ਸ ਐਂਟੀਲੀਆ ਦੇ ਨੇੜੇ ਨਜ਼ਰ ਆਇਆ ਸੀ। ਪਹਿਲਾਂ ਇਹ ਖ਼ਬਰ ਸੀ ਕਿ ਮਹਾਰਾਸ਼ਟਰ ਦੇ ਮੁਅੱਤਲ ਸਹਾਇਕ ਪੁਲਿਸ ਇੰਸਪੈਕਟਰ ਸਚਿਨ ਵਾਜੇ ਹੀ ਪੀਪੀਈ ਕਿੱਟ 'ਚ ਹਨ ਪਰ ਹੁਣ ਐਨਆਈਏ ਦੇ ਸੂਤਰਾਂ ਦੀ ਮੰਨੀਏ ਤਾਂ ਸਚਿਨ ਵਾਜੇ ਨੇ ਉਸ ਦਿਨ ਪੀਪੀਈ ਕਿੱਟ ਨਹੀਂ ਪਹਿਨੀ ਸੀ।


ਐਨਆਈਏ ਨੂੰ ਜਾਂਚ 'ਚ ਪਤਾ ਲੱਗਿਆ ਹੈ ਕਿ ਉਹ ਪੀਪੀਈ ਕਿੱਟ ਨਹੀਂ, ਸਗੋਂ ਇਕ ਚਿੱਟਾ ਕੁੜਤਾ ਸੀ। ਵੀਡੀਓ ਦੀ ਐਨਆਈਏ ਨੇ ਕਾਫ਼ੀ ਬਾਰੀਕੀ ਨਾਲ ਜਾਂਚ ਕੀਤੀ ਤੇ ਪਾਇਆ ਕਿ ਉਸ ਸ਼ਖ਼ਸ ਨੇ ਪੀਪੀਈ ਕਿੱਟ ਨਹੀਂ ਸਗੋਂ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਉਸ ਦਿਨ ਸਚਿਨ ਵਾਜੇ ਨੇ ਇਕ ਚਿੱਟਾ ਤੇ ਢਿੱਲਾ ਕੁੜਤਾ ਤੇ ਪਜਾਮਾ ਪਾਇਆ ਹੋਇਆ ਸੀ ਤਾਂ ਕਿ ਦੂਰੋਂ ਸੀਸੀਟੀਵੀ 'ਚ ਕੱਪੜਿਆਂ ਦੀ ਅਸਲ ਪਛਾਣ ਨਾ ਹੋਵੇ।


ਇਸ ਤੋਂ ਬਾਅਦ ਵਾਜੇ ਨੇ ਆਪਣਾ ਸਿਰ ਰੁਮਾਲ ਨਾਲ ਢੱਕ ਲਿਆ ਸੀ ਤਾਂ ਜੋ ਸੀਸੀਟੀਵੀ ਵੇਖਣ ਤੋਂ ਬਾਅਦ ਕਿਸੇ ਨੂੰ ਅਜਿਹਾ ਅੰਦਾਜਾ ਨਾ ਲੱਗ ਸਕੇ। ਵਾਜੇ ਨੇ ਚਿਹਰਾ ਲੁਕਾਉਣ ਲਈ ਮੂੰਹ 'ਤੇ ਇੱਕ ਵੱਡਾ ਮਾਸਕ ਪਾਇਆ ਹੋਇਆ ਸੀ ਤਾਂ ਕਿ ਅੱਖਾਂ ਨੂੰ ਛੱਡ ਕੇ ਪੂਰਾ ਚਿਹਰਾ ਢੱਕਿਆ ਰਹੇ।


ਸਕਾਰਪੀਓ ਚੋਰੀ ਨਹੀਂ ਕੀਤੀ ਗਈ ਸੀ


ਵਾਜੇ ਨੂੰ ਪਤਾ ਸੀ ਕਿ ਜੇ ਉਹ ਪੀਪੀਈ ਕਿੱਟ 'ਚ ਬਾਹਰ ਆਇਆ ਤਾਂ ਉਹ ਕਿਸੇ ਦੀ ਨਜ਼ਰ 'ਚ ਆ ਜਾਵੇਗਾ। ਇਸੇ ਕਾਰਨ ਸਚਿਨ ਵਾਜੇ ਨੇ ਢਿੱਲਾ ਕੁੜਤਾ, ਪਜਾਮਾ, ਰੁਮਾਲ ਤੇ ਵੱਡੇ ਮਾਸਕ ਦੀ ਵਰਤੋਂ ਕਰਕੇ ਆਪਣੀ ਪਛਾਣ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਮੁੰਬਈ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਵਿਕਰੋਲੀ ਥਾਣੇ ਨੇ ਮਨਸੁਖ ਦੀ ਸਕਾਰਪੀਓ ਚੋਰੀ ਦਾ ਜਿਹੜਾ ਮਾਮਲਾ ਦਰਜ ਕੀਤਾ ਸੀ, ਉਸ ਮਾਮਲੇ 'ਚ ਪੁਲਿਸ ਨੇ ਕੁਝ ਗੜਬੜ ਕੀਤੀ ਸੀ।


ਪੁਲਿਸ ਨੇ ਬਗੈਰ ਗੱਡੀ ਮਾਲਕ (ਮਤਲਬ ਗੱਡੀ ਦੇ ਕਾਗਜ਼ ਦੇ ਮਾਲਕ) ਵਾਹਨ ਚੋਰੀ ਹੋਣ ਦੀ ਐਫਆਈਆਰ ਦਰਜ ਕੀਤੀ ਸੀ। ਸੀਨੀਅਰ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਕਿਸੇ ਨੇ ਉਨ੍ਹਾਂ ਨੂੰ ਫ਼ੋਨ ਕਰਕੇ ਨਿਯਮਾਂ ਦੀ ਉਲੰਘਣਾ ਕਰ ਐਫਆਈਆਰ ਦਰਜ ਕਰਨ ਲਈ ਕਿਹਾ ਸੀ। ਇਸ ਮਾਮਲੇ 'ਚ ਅੰਦਰੂਨੀ ਪੁੱਛ-ਗਿੱਛ ਦੇ ਆਦੇਸ਼ ਦਿੱਤੇ ਗਏ ਹਨ। ਜੇ ਇਸ ਮਾਮਲੇ 'ਚ ਕੋਈ ਅਧਿਕਾਰੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।