Journalist Murder: ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੱਤਰਕਾਰ ਦੀ ਹੱਤਿਆ ਦੇ ਮੁੱਖ ਮੁਲਜ਼ਮ ਸੁਰੇਸ਼ ਚੰਦਰਾਕਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੇਸ਼ੇ ਤੋਂ ਠੇਕੇਦਾਰ ਮੁਲਜ਼ਮ ਚੰਦਰਾਕਰ ਪੱਤਰਕਾਰ ਮੁਕੇਸ਼ ਚੰਦਰਾਕਰ ਦੇ ਕਤਲ ਤੋਂ ਬਾਅਦ ਫਰਾਰ ਸੀ। ਬਸਤਰ ਖੇਤਰ ਦੇ ਪੁਲਿਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਕਿਹਾ ਕਿ ਕਤਲ ਕੇਸ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਐਤਵਾਰ ਦੇਰ ਰਾਤ ਸੁਰੇਸ਼ ਚੰਦਰਾਕਰ ਨੂੰ ਹੈਦਰਾਬਾਦ ਤੋਂ ਹਿਰਾਸਤ ਵਿੱਚ ਲਿਆ। ਪੁਲਿਸ ਅਨੁਸਾਰ ਸਿਰ 'ਤੇ 15 ਨਿਸ਼ਾਨ ਸਨ ਅਤੇ ਜਿਗਰ ਦੇ ਚਾਰ ਹਿੱਸੇ ਕੱਟੇ ਗਏ ਸਨ।
ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਸੋਮਵਾਰ ਸਵੇਰੇ ਬੀਜਾਪੁਰ ਲਿਆਂਦਾ ਗਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸੁਰੇਸ਼ ਚੰਦਰਾਕਰ ਦੇ ਭਰਾ ਰਿਤੇਸ਼ ਚੰਦਰਾਕਰ ਅਤੇ ਦਿਨੇਸ਼ ਚੰਦਰਾਕਰ ਅਤੇ ਸੁਪਰਵਾਈਜ਼ਰ ਮਹਿੰਦਰ ਰਾਮਟੇਕੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਸੁਤੰਤਰ ਪੱਤਰਕਾਰ ਮੁਕੇਸ਼ ਚੰਦਰਾਕਰ (33) 1 ਜਨਵਰੀ ਨੂੰ ਲਾਪਤਾ ਹੋ ਗਿਆ ਸੀ।
ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਲਾਸ਼ 3 ਜਨਵਰੀ ਨੂੰ ਬੀਜਾਪੁਰ ਸ਼ਹਿਰ ਦੀ ਚਟਾਨਪਾਰਾ ਕਾਲੋਨੀ ਵਿਚ ਸੁਰੇਸ਼ ਚੰਦਰਾਕਰ ਦੀ ਜਾਇਦਾਦ 'ਤੇ ਬਣੇ ਸੈਪਟਿਕ ਟੈਂਕ ਵਿਚ ਮਿਲੀ ਸੀ। ਪੱਤਰਕਾਰ ਚੰਦਰਕਰ ਨੇ NDTV ਨਿਊਜ਼ ਚੈਨਲ ਲਈ ਇੱਕ ਫ੍ਰੀਲਾਂਸ ਪੱਤਰਕਾਰ ਵਜੋਂ ਕੰਮ ਕਰਦਾ ਸੀ ਅਤੇ ਯੂਟਿਊਬ ਚੈਨਲ 'ਬਸਤਰ ਜੰਕਸ਼ਨ' ਵੀ ਚਲਾਉਂਦਾ ਸੀ, ਜਿਸ ਦੇ ਲਗਭਗ 1.59 ਲੱਖ ਸਬਸਕ੍ਰਾਈਬਰ ਹਨ।
ਇਹ ਗੱਲ ਬਣੀ ਮੌਤ ਦੀ ਵਜ੍ਹਾ
ਐਨਡੀਟੀਵੀ ਉੱਤੇ 25 ਦਸੰਬਰ ਨੂੰ ਪ੍ਰਸਾਰਿਤ ਕੀਤੇ ਗਏ ਬੀਜਾਪੁਰ ਵਿੱਚ ਸੜਕ ਨਿਰਮਾਣ ਦੇ ਕੰਮ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰਨ ਵਾਲੀ ਇੱਕ ਖ਼ਬਰ ਮੁਕੇਸ਼ ਚੰਦਰਾਕਰ ਦੀ ਹੱਤਿਆ ਦਾ ਕਾਰਨ ਮੰਨੀ ਜਾਂਦੀ ਹੈ। ਉਹ ਉਸਾਰੀ ਦਾ ਕੰਮ ਠੇਕੇਦਾਰ ਸੁਰੇਸ਼ ਚੰਦਰਾਕਰ ਨਾਲ ਸਬੰਧਤ ਸੀ। ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਦਾਅਵਾ ਕੀਤਾ ਸੀ ਕਿ ਸੁਰੇਸ਼ ਚੰਦਰਾਕਰ ਕਾਂਗਰਸੀ ਆਗੂ ਸਨ।
ਹਾਲਾਂਕਿ, ਵਿਰੋਧੀ ਪਾਰਟੀ ਨੇ ਦਾਅਵਾ ਕੀਤਾ ਕਿ ਦੋਸ਼ੀ ਹਾਲ ਹੀ ਵਿੱਚ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਇਆ ਹੈ। ਅਧਿਕਾਰੀਆਂ ਨੇ ਮੁਲਜ਼ਮਾਂ ਦੀਆਂ ਨਾਜਾਇਜ਼ ਜਾਇਦਾਦਾਂ ਅਤੇ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੁਰੇਸ਼ ਚੰਦਰਾਕਰ ਵੱਲੋਂ ਬੀਜਾਪੁਰ-ਗੰਗਲੌਰ ਸੜਕ ਦੇ ਨਾਲ ਜੰਗਲ ਦੀ ਜ਼ਮੀਨ 'ਤੇ ਕਬਜ਼ਾ ਕਰਕੇ ਉਸਾਰੇ ਗਏ ਨਿਰਮਾਣ ਯਾਰਡ ਨੂੰ ਢਾਹ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਸੁਰੇਸ਼ ਚੰਦਰਾਕਰ ਅਤੇ ਹੋਰ ਦੋਸ਼ੀਆਂ ਦੇ ਬੈਂਕ ਖਾਤੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸੁਰੇਸ਼ ਚੰਦਰਾਕਰ ਦੇ ਤਿੰਨ ਖਾਤਿਆਂ ਨੂੰ ਹੋਲਡ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਮੁਕੇਸ਼ ਚੰਦਰਾਕਰ ਨੇ ਅਪ੍ਰੈਲ 2021 ਵਿੱਚ ਬੀਜਾਪੁਰ ਵਿੱਚ ਟੇਕਲਗੁਡਾ ਨਕਸਲੀ ਹਮਲੇ ਤੋਂ ਬਾਅਦ ਮਾਓਵਾਦੀਆਂ ਦੀ ਕੈਦ ਵਿੱਚੋਂ ਸੀਆਰਪੀਐਫ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਮਨਹਾਸ ਨੂੰ ਛੁਡਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਹਮਲੇ 'ਚ 22 ਸੁਰੱਖਿਆ ਮੁਲਾਜ਼ਮ ਸ਼ਹੀਦ ਹੋ ਗਏ ਸਨ।
ਮਹਾਰ ਭਾਈਚਾਰੇ ਦੇ ਮੈਂਬਰਾਂ ਨੇ ਪੱਤਰਕਾਰ ਦੇ ਕਤਲ ਦੀ ਨਿੰਦਾ ਕਰਨ ਲਈ ਐਤਵਾਰ ਨੂੰ ਇੱਥੇ ਕੈਂਡਲ ਮਾਰਚ ਕੱਢਿਆ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਸ਼ਨੀਵਾਰ ਨੂੰ ਪੱਤਰਕਾਰਾਂ ਨੇ ਰਾਏਪੁਰ ਪ੍ਰੈੱਸ ਕਲੱਬ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।