ਮੁੰਬਈ: ਕੋਰੋਨਾ ਵਾਇਰਸ ਤੋਂ ਬੁਰੀ ਕਰ੍ਹਾਂ ਪ੍ਰਭਾਵਿਤ ਹੋਏ ਮੁੰਬਈ 'ਚ ਹੁਣ ਆਰਥਰ ਰੋਡ ਜੇਲ੍ਹ 'ਚ 77 ਕੈਦੀ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਕੈਦੀਆਂ ਤੋਂ ਇਲਾਵਾ 26 ਜੇਲ੍ਹ ਕਰਮਚਾਰੀ ਵੀ ਕੋਰੋਨਾ ਪੌਜ਼ੇਟਿਵ ਹਨ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਇਹ ਜਾਣਕਾਰੀ ਦਿੱਤੀ ਹੈ।
ਕੁਝ ਦਿਨ ਪਹਿਲਾਂ ਹੀ ਬੰਬੇ ਹਾਈਕੋਰਟ ਨੇ ਸੂਬਾ ਸਰਕਾਰ ਤੋਂ ਪੁੱਛਿਆ ਸੀ ਕਿ ਕੀ ਆਰਥਰ ਜੇਲ੍ਹ 'ਚ ਵੀ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਸੂਬਾ ਸਰਕਾਰ ਦੇ ਹੁਕਮਾਂ ਤੋਂ ਬਾਅਦ ਜੇਲ੍ਹ 'ਚੋਂ 200 ਸੈਂਪਲ ਲਏ ਗਏ। ਇਨ੍ਹਾਂ 'ਚੋਂ 103 ਸੈਂਪਲ ਕੋਰੋਨਾ ਪੌਜ਼ੇਟਿਵ ਆਏ ਹਨ।
ਸਰਕਾਰ ਨੇ ਕੋਰੋਨਾ ਪੌਜ਼ੇਟਿਵ ਕੈਦੀਆਂ ਨੂੰ ਮੁੰਬਈ ਦੇ ਜੀਟੀ ਹਸਪਤਾਲ ਤੇ ਸੇਂਟ ਜੌਰਜ ਹਸਪਤਾਲ 'ਚ ਸੁਰੱਖਿਆ ਨਿਗਰਾਨੀ ਹੇਠ ਸ਼ਿਫਟ ਕਰਨ ਦਾ ਫੈਸਲਾ ਕੀਤਾ ਹੈ। ਕੋਰੋਨਾ ਪੌਜ਼ੇਟਿਵ ਜੇਲ੍ਹ ਕਰਮਚਾਰੀਆਂ ਨੂੰ ਵੱਖਰੇ ਹਸਪਤਾਲ 'ਚ ਸ਼ਿਫਟ ਕੀਤਾ ਜਾਵੇਗਾ। ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਸੰਕਟ ਦੀ ਸ਼ੁਰੂਆਤ 'ਚ ਹੀ ਆਰਥਰ ਰੋਡ ਜੇਲ੍ਹ 'ਚੋਂ 1100 ਕੈਦੀਆਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ।
ਮੁੰਬਈ 'ਚ ਹੁਣ ਤਕ ਕੋਰੋਨਾ ਦੇ 11,394 ਕੇਸ ਸਾਹਮਣੇ ਆ ਚੁੱਕੇ ਹਨ ਤੇ 437 ਲੋਕਾਂ ਦੀ ਜਾਨ ਗਈ ਹੈ। ਪਿਛਲੇ 24 ਘੰਟਿਆਂ 'ਚ ਮੁੰਬਈ 'ਚ ਕੋਰੋਨਾ ਵਾਇਰਸ ਦੇ 680 ਨਵੇਂ ਕੇਸ ਮਿਲੇ ਹਨ ਤੇ 25 ਲੋਕਾਂ ਦੀ ਮੌਤ ਹੋਈ ਹੈ।