ਮੁੰਬਈ ਦੇ ਰਹਿਣ ਵਾਲੇ ਸ਼ਰੀਕ ਕੁਰੈਸ਼ੀ ਤੇ ਉਨ੍ਹਾਂ ਦੀ ਪਤਨੀ ਓਨਿਬਾ ਕੁਰੈਸ਼ੀ ਦੋ ਸਾਲ ਪਹਿਲਾਂ ਕਤਰ ਵਿੱਚ ਹਨੀਮੂਨ ਮਨਾਉਣ ਗਏ ਸਨ, ਪਰ ਉੱਥੇ ਫਰਜ਼ੀ ਡਰੱਗ ਕੇਸ ਵਿੱਚ ਫਸ ਗਏ ਸਨ।  ਹੁਣ ਦੋ ਸਾਲ ਬਾਅਦ ਆਖਿਰਕਾਰ ਦੋਵੇਂ ਪਤੀ-ਪਤਨੀ ਘਰ ਪਰਤ ਆਏ ਹਨ। ਦੋਵੇਂ ਬੁੱਧਵਾਰ ਅੱਧੀ ਰਾਤ ਮੁੰਬਈ ਪਰਤੇ। ਜੋੜੇ ਨੂੰ ਡਰੱਗ ਕੇਸ ਵਿੱਚ ਦਸ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਪਰ ਮਾਮਲੇ ਦੀ ਜਾਂਚ ਭਾਰਤ ਵਿੱਚ NCB ਨੇ ਕੀਤੀ ਅਤੇ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਦੋਵੇਂ ਨਿਰਦੋਸ਼ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਇਸ ਜੋੜੇ ਦੀ ਇੱਕ ਧੀ ਵੀ ਹੈ ਜੋ ਜੇਲ੍ਹ ਵਿੱਚ ਪੈਦਾ ਹੋਈ ਸੀ।


ਸ਼ਰੀਕ ਤੇ ਓਨਿਬਾ ਕੁਰੈਸ਼ੀ ਨੇ ਕਦੇ ਸੁਫਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਹਨੀਮੂਨ ਲਈ ਕਤਰ ਜਾਣਾ ਇੰਨਾ ਭਿਆਨਕ ਹੋਵੇਗਾ। ਤਿੰਨ ਫਰਵਰੀ ਨੂੰ ਇਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਕਤਰ ਵਿੱਚ ਨਸ਼ੇ ਦੇ ਕੇਸ ਵਿੱਚੋਂ ਬਰੀ ਹੋਣਾ ਲਗਪਗ ਅਸੰਭਵ ਮੰਨਿਆ ਜਾਂਦਾ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਮਾਮਲੇ ਦੀ ਜਾਂਚ ਭਾਰਤ ਵਿੱਚ ਹੋਈ ਹੋਵੇ ਅਤੇ ਵਿਦੇਸ਼ੀ ਅਦਾਲਤ ਨੇ ਜੋੜੇ ਨੂੰ ਬੇਗੁਨਾਹ ਮੰਨ ਕੇ ਬਾ-ਇੱਜ਼ਤ ਬਰੀ ਕਰ ਦਿੱਤਾ ਹੋਵੇ। 


ਕੀ ਹੈ ਪੂਰਾ ਮਾਮਲਾ


ਸ਼ਰੀਕ ਕੁਰੈਸ਼ੀ ਨਾਂਅ ਦੇ ਵਿਅਕਤੀ ਦਾ ਵਿਆਹ ਮਈ 2018 ਵਿੱਚ ਮੁੰਬਈ ਦੀ ਓਨਿਬਾ ਕੁਰੈਸ਼ੀ ਨਾਲ ਹੋਇਆ ਸੀ। ਦੋਵੇਂ ਜਣੇ 6 ਜੁਲਾਈ 2019 ਨੂੰ ਹਨੀਮੂਨ ਮਨਾਉਣ ਪਹੁੰਚੇ। ਦੋਹਾ ਕੌਮਾਂਤਰੀ ਹਵਾਈ ਅੱਡੇ ਪਹੁੰਚਣ 'ਤੇ ਦੋਵਾਂ ਦੀ ਤਲਾਸ਼ੀ ਵੀ ਹੋਈ, ਇੱਥੇ ਤੱਕ ਸਾਰਾ ਕੁਝ ਠੀਕ ਸੀ। ਫਿਰ ਵਾਰੀ ਆਈ ਦੋਵਾਂ ਦੇ ਸਮਾਨ ਦੀ ਜਾਂਚ ਦੀ, ਜਿਸ ਕਾਰਨ ਦੋਵਾਂ ਦੀ ਜ਼ਿੰਦਗੀ ਬਦਲਣ ਵਾਲੀ ਸੀ।


ਬੈਗ ਸਕੈਨ ਕਰਨ ਸਮੇਂ ਤਾਂ ਇੱਕ ਕਸਟਮ ਅਧਿਕਾਰੀ ਉੱਥੇ ਪਹੁੰਚਿਆ। ਉਸ ਨੇ ਦੋਵਾਂ ਦੇ ਇੱਕ ਬੈਗ ਨੂੰ ਵੱਖਰਾ ਕਰ ਲਿਆ ਅਤੇ ਤਲਾਸ਼ੀ ਲਈ। ਉਸ ਬੈਗ ਵਿੱਚ ਕੁਝ ਕੱਪੜੇ ਸੀ ਪਰ ਕੱਪੜਿਆਂ ਦੇ ਹੇਠਾਂ ਇੱਕ ਹੋਰ ਬੈਗ ਸੀ, ਜੋ ਉਨ੍ਹਾਂ ਦੀ ਆਂਟੀ ਨੇ ਦਿੱਤਾ ਸੀ। ਜਦ ਬੈਗ ਖੋਲ੍ਹਿਆ ਗਿਆ ਤਾਂ ਉਸ ਵਿੱਚ ਇੱਕ ਪੈਕੇਟ ਨਿੱਕਲਿਆ, ਜਿਸ ਵਿੱਚ ਚਾਰ ਕਿੱਲੋ ਚਰਸ ਸੀ। ਬੈਗ ਵਿੱਚ ਨਸ਼ਾ ਦੇਖ ਕੇ ਦੋਵਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਨਿੱਕਲ ਗਈ।


ਕੁਰੈਸ਼ੀ ਜੋੜੇ ਨੇ ਕਸਟਮ ਅਧਿਕਾਰੀਆਂ ਅਤੇ ਪੁਲਿਸ ਨੂੰ ਵਾਰ-ਵਾਰ ਆਪਣੇ ਬੇਗੁਨਾਹ ਹੋਣ ਅਤੇ ਉਹ ਬੈਗ ਉਨ੍ਹਾਂ ਦਾ ਨਾ ਹੋਣ ਦੀ ਗੱਲ ਵਾਰ-ਵਾਰ ਕਹੀ। ਪਰ ਨਸ਼ਾ ਉਨ੍ਹਾਂ ਕੋਲੋਂ ਬਰਾਮਦ ਹੋਣ 'ਤੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। 10 ਸਾਲ ਦੀ ਸਜ਼ਾ ਕੱਟਦਿਆਂ ਓਨਿਬਾ ਨੇ ਜੇਲ੍ਹ ਵਿੱਚ ਹੀ ਆਪਣੀ ਧੀ ਨੂੰ ਜਨਮ ਦਿੱਤਾ।


ਇੱਧਰ ਮੁੰਬਈ ਵਿੱਚ ਓਨਿਬਾ ਤੇ ਸ਼ਰੀਕ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹੁੰਦੇ ਹਨ ਕਿਉਂਕਿ ਉਨ੍ਹਾਂ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਸੀ ਹੋ ਰਿਹਾ। ਉਹ ਸ਼ਰੀਕ ਦੀ ਆਂਟੀ ਤਬੱਸੁਮ ਤੋਂ ਪਤਾ ਕਰਨ ਜਾਂਦੇ ਹਨ ਕਿ ਕੀ ਉਸ ਨੂੰ ਕੋਈ ਖ਼ਬਰ ਸਾਰ ਆਈ ਹੋਵੇ। ਪਰ ਉੱਥੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤਬੱਸੁਮ ਇੱਕ ਨਸ਼ਾ ਤਸਕਰੀ ਗਰੋਹ ਦਾ ਹਿੱਸਾ ਹੈ, ਜਿਸ ਦੇ ਜਾਲ ਵਿੱਚ ਉਨ੍ਹਾਂ ਦੇ ਬੱਚੇ ਫਸ ਗਏ ਹਨ।


ਭਾਰਤ ਵਿੱਚ ਇਸ ਕੇਸ ਦੀ ਜਾਂਚ ਕਰਨ ਵਾਲੇ ਕੇਪੀਐਸ ਮਲਹੋਤਰਾ ਨੇ ਦੋਵਾਂ ਪਤੀ-ਪਤਨੀ ਨੂੰ ਬੇਕਸੂਰ ਪਾਇਆ। ਉਨ੍ਹਾਂ ਆਂਟੀ ਤਬੱਸੁਮ ਦੇ ਫੋਨ ਨੂੰ ਸਰਵਿਲੈਂਸ 'ਤੇ ਲਾਇਆ ਸੀ ਅਤੇ ਐਨਸੀਬੀ ਦੀ ਟੀਮ ਨੂੰ ਇਹ ਪਤਾ ਲੱਗਿਆ ਕਿ ਇਹ ਗੈਂਗ ਕੁਰੈਸ਼ੀ ਜੋੜੇ ਵਾਂਗ ਇੱਕ ਹੋਰ ਕਪਲ ਨੂੰ ਵਿਦੇਸ਼ ਭੇਜਣ ਜਾ ਰਿਹਾ ਹੈ। ਇੱਥੋਂ ਹੀ ਪੂਰੀ ਕਹਾਣੀ ਤੋਂ ਪਰਦਾ ਉੱਠਿਆ। ਨਾਰਕੋਟਿਸ ਟੀਮ ਨੇ ਤਬੱਸੁਮ ਅਤੇ ਉਸ ਦੇ ਸਾਥੀ ਗੈਂਗ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਐਨਸੀਬੀ ਦੀ ਹੀ ਰਿਪੋਰਟ ਉੱਪਰ ਵਿਚਾਰ ਕਰਦਿਆਂ ਦੋਹਾ ਪੁਲਿਸ ਨੇ ਦੋਵਾਂ ਨੂੰ ਰਿਹਾਅ ਕੀਤਾ।