ਮੁੰਬਈ: ਮੁੰਬਈ ਵਿੱਚ ਬੀਤੀ ਰਾਤ ਤੋਂ ਲਗਾਤਾਰ ਮੀਂਹ ਜਾਰੀ ਹੈ। ਭਾਰੀ ਬਾਰਸ਼ ਤੋਂ ਬਾਅਦ ਮੁੰਬਈ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਭਾਰੀ ਬਾਰਸ਼ ਦੌਰਾਨ ਚੈਂਬੁਰ ਵਿੱਚ ਕੁਝ ਝੁੱਗੀਆਂ ਉੱਤੇ ਕੰਧ ਡਿੱਗਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਹੈ। ਵਿਕਰੋਲੀ ਵਿਚ ਵੀ ਤਿੰਨ ਵਿਅਕਤੀਆਂ ਦੀ ਕੰਧ ਡਿੱਗਣ ਕਾਰਨ ਮੌਤ ਹੋ ਗਈ।

ਇਸ ਦੇ ਨਾਲ ਹੀ ਭਾਂਡੁਪ ਵਿੱਚ ਕੰਧ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ ਹੋਣ ਦੀ ਖ਼ਬਰ ਹੈ। ਹਾਲੇ ਵੀ ਬਹੁਤ ਸਾਰੇ ਲੋਕਾਂ ਦੇ ਇੱਥੇ ਫਸੇ ਹੋਣ ਦਾ ਖਦਸ਼ਾ ਹੈ। ਇਹ ਸਾਰੇ ਹਾਦਸੇ ਜ਼ਮੀਨ ਖਿਸਕਣ ਕਾਰਨ ਹੋਏ ਸਨ। ਐਨਡੀਆਰਐਫ (NDRF) ਦੀ ਟੀਮ ਦਾ ਬਚਾਅ ਕਾਰਜ ਜਾਰੀ ਹੈ।

 
ਮੌਸਮ ਵਿਭਾਗ ਨੇ ਅੱਜ ਮੁੰਬਈ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ। ਜਿਸ ਦਾ ਮਤਲਬ ਹੈ ਕਿ ਅੱਜ ਸਾਰਾ ਦਿਨ ਭਾਰੀ ਬਾਰਸ਼ ਦੀ ਉਮੀਦ ਹੈ। ਠਾਣੇ, ਪਾਲਘਰ ਤੇ ਰਾਏਗੜ੍ਹ ਵਿੱਚ ਵੀ ਅੱਜ ਭਾਰੀ ਮੀਂਹ ਪੈ ਰਿਹਾ ਹੈ। ਮੁੰਬਈ ਦੇ ਕਈ ਇਲਾਕਿਆਂ ਵਿਚ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਸਾਰੀ ਰਾਤ ਲੋਕ ਘਰ ਦਾ ਪਾਣੀ ਬਾਹਰ ਕੱਢਣ ਵਿੱਚ ਰੁੱਝੇ ਰਹੇ। ਅੰਧੇਰੀ ਤੇ ਆਲੇ-ਦੁਆਲੇ ਦੇ ਨੀਵੇਂ ਇਲਾਕਿਆਂ ਵਿਚ ਹੜ੍ਹ ਆ ਗਿਆ ਹੈ।

ਦਾਦਰ ਇਲਾਕੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਸੀ ਕਿ ‘ਬੈਸਟ’ (ਮੁੰਬਈ ਦੀ ਸਰਕਾਰੀ ਬੱਸ ਸੇਵਾ ਦਾ ਨਾਂਅ) ਦੀਆਂ ਬੱਸਾਂ ਅੱਧ ਤੋਂ ਵੱਧ ਡੁੱਬੀਆਂ ਦਿਸ ਰਹੀਆਂ ਹਨ। ਕਾਂਦੀਵਲੀ ਦੀਆਂ ਕਈ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਕਾਰਨ ਲੱਖਾਂ ਦਾ ਮਾਲ ਖਰਾਬ ਹੋ ਗਿਆ।

 

ਅੱਜ ਐਤਵਾਰ ਹੈ, ਇਸ ਲਈ ਇਹ ਰਾਹਤ ਦੀ ਗੱਲ ਹੈ ਕਿ ਜ਼ਿਆਦਾਤਰ ਲੋਕ ਕੰਮ ਤੇ ਜਾਣ ਲਈ ਮਜਬੂਰ ਨਹੀਂ ਹਨ. ਮੀਂਹ ਕਾਰਨ ਰੇਲ ਪਟੜੀਆਂ ਉੱਤੇ ਵੀ ਪਾਣੀ ਖਲੋ ਗਿਆ ਹੈ। ਇੰਝ ਅੱਜ ਸਥਾਨਕ ਲੋਕਾਂ ਦੀ ਆਵਾਜਾਈ ਵੀ ਪ੍ਰਭਾਵਤ ਹੋਵੇਗੀ।

 

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਜ ਭਾਰੀ ਮੀਂਹ ਦੀ ਭਵਿੱਖਬਾਣੀ

ਦਿੱਲੀ ਵਿੱਚ ਸਨਿੱਚਰਵਾਰ ਸਵੇਰੇ ਸਾਫ ਰਿਹਾ ਸੀ ਪਰ ਅੱਜ ਐਤਵਾਰ ਨੂੰ ਸ਼ਹਿਰ ਵਿਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਸ਼ਾਮ ਨੂੰ ਅੰਸ਼ਕ ਬੱਦਲਵਾਈ ਤੇ ਹਲਕੀ ਬਾਰਸ਼ ਜਾਂ ਗਰਜ ਦੀ ਸੰਭਾਵਨਾ ਦੱਸੀ ਹੈ।

ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ ਤਕਰੀਬਨ 37 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ਵਿੱਚ ਮੰਗਲਵਾਰ ਨੂੰ ਮੌਨਸੂਨ ਦੀ ਪਹਿਲੀ ਬਾਰਸ਼ ਹੋਈ। ਮਾਨਸੂਨ ਆਮ ਤੌਰ 'ਤੇ 27 ਜੂਨ ਤੱਕ ਰਾਸ਼ਟਰੀ ਰਾਜਧਾਨੀ 'ਚ ਪਹੁੰਚਦਾ ਹੈ ਪਰ ਇਸ ਵਾਰ ਇਹ 16 ਦਿਨਾਂ ਦੀ ਦੇਰੀ ਨਾਲ ਆਇਆ ਹੈ।