Waqf Amendment Bill: ਲੋਕ ਸਭਾ ਅਤੇ ਰਾਜ ਸਭਾ ਵਿੱਚ ਵਕਫ਼ ਸੋਧ ਬਿੱਲ ਪਾਸ ਹੋਣ ਤੋਂ ਬਾਅਦ, ਦੇਸ਼ ਦੇ ਕਈ ਹਿੱਸਿਆਂ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਸੜਕਾਂ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਮੁਸਲਿਮ ਸੰਗਠਨ ਕੋਲਕਾਤਾ, ਹੈਦਰਾਬਾਦ, ਮੁੰਬਈ ਸਮੇਤ ਦੇਸ਼ ਦੇ ਵੱਖ-ਵੱਖ ਥਾਵਾਂ 'ਤੇ ਵਕਫ਼ ਬਿੱਲ ਦਾ ਵਿਰੋਧ ਕਰ ਰਹੇ ਹਨ। ਇਸ ਦੌਰਾਨ, ਵਕਫ਼ ਐਕਟ ਵਿੱਚ ਬਦਲਾਅ ਵਿਰੁੱਧ ਸ਼ੁੱਕਰਵਾਰ (4 ਅਪ੍ਰੈਲ, 2025) ਨੂੰ ਸੁਪਰੀਮ ਕੋਰਟ ਵਿੱਚ ਪਹਿਲੀ ਪਟੀਸ਼ਨ ਦਾਇਰ ਕੀਤੀ ਗਈ। ਕਾਂਗਰਸ ਸੰਸਦ ਮੈਂਬਰ ਮੁਹੰਮਦ ਜਾਵੇਦ ਨੇ ਵਕਫ਼ ਸੋਧ ਬਿੱਲ 2025 ਨੂੰ ਚੁਣੌਤੀ ਦਿੱਤੀ ਹੈ।
ਕੋਲਕਾਤਾ 'ਚ ਘੱਟ ਗਿਣਤੀ ਭਾਈਚਾਰਾ ਸੜਕਾਂ 'ਤੇ ਉਤਰਿਆ
ਘੱਟ ਗਿਣਤੀ ਭਾਈਚਾਰੇ ਦੇ ਮੈਂਬਰਾਂ ਨੇ ਕੋਲਕਾਤਾ ਦੇ ਪਾਰਕ ਸਰਕਸ ਕਰਾਸਿੰਗ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਵਕਫ਼ (ਸੋਧ) ਬਿੱਲ, 2025 ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਵਿਰੋਧ ਪ੍ਰਦਰਸ਼ਨਾਂ ਕਾਰਨ ਇਲਾਕੇ ਵਿੱਚ ਆਵਾਜਾਈ ਵਿੱਚ ਵਿਘਨ ਪਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਸੜਕਾਂ 'ਤੇ ਇਕੱਠੇ ਹੋ ਗਏ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਵਕਫ਼ ਬਿੱਲ ਪੇਸ਼ ਕਰਨ ਲਈ ਭਾਜਪਾ ਦੀ ਆਲੋਚਨਾ ਕੀਤੀ ਅਤੇ ਉਸ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ।
ਕਰਨਾਟਕ, ਅਹਿਮਦਾਬਾਦ ਤੇ ਹੈਦਰਾਬਾਦ 'ਚ ਪ੍ਰਦਰਸ਼ਨ
ਸੰਸਦ ਵਿੱਚ ਬਿੱਲ 'ਤੇ ਚਰਚਾ ਦੌਰਾਨ, ਵਿਰੋਧੀ ਪਾਰਟੀਆਂ ਨੇ ਸਖ਼ਤ ਇਤਰਾਜ਼ ਉਠਾਏ ਅਤੇ ਇਸਨੂੰ ਮੁਸਲਿਮ ਵਿਰੋਧੀ ਅਤੇ ਗੈਰ-ਸੰਵਿਧਾਨਕ ਕਰਾਰ ਦਿੱਤਾ, ਜਦੋਂ ਕਿ ਸਰਕਾਰ ਨੇ ਜਵਾਬ ਦਿੱਤਾ ਕਿ ਇਸ ਇਤਿਹਾਸਕ ਸੁਧਾਰ ਨਾਲ ਘੱਟ ਗਿਣਤੀ ਭਾਈਚਾਰੇ ਨੂੰ ਲਾਭ ਹੋਵੇਗਾ। ਇਸ ਬਿੱਲ ਦੇ ਖਿਲਾਫ ਕਰਨਾਟਕ, ਅਹਿਮਦਾਬਾਦ ਅਤੇ ਹੈਦਰਾਬਾਦ ਵਿੱਚ ਵੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ, ਪੁਲਿਸ ਨੇ ਅੱਜ ਦਿੱਲੀ ਦੇ ਜਾਮੀਆ ਇਲਾਕੇ ਵਿੱਚ ਫਲੈਗ ਮਾਰਚ ਕੱਢਿਆ।
ਲੁਧਿਆਣਾ ਵਿੱਚ ਵੀ ਵਿਰੋਧ ਪ੍ਰਦਰਸ਼ਨ
ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਦੇ ਬਾਹਰ ਭਾਰਤ ਦੇ ਸੁਤੰਤਰਤਾ ਸੰਗਰਾਮ ਚ ਸ਼ਾਮਿਲ ਰਹੀ ਜਮਾਤ ਮਜਲਿਸ ਅਹਿਰਾਰ ਇਸਲਾਮ ਦੇ ਵੱਲੋਂ ਵਕਫ ਐਕਟ ਵਿੱਚ ਕੀਤੇ ਗਏ ਸੋਧ ਦਾ ਵਿਰੋਧ ਕੀਤਾ ਗਿਆ, ਇਸ ਮੌਕੇ ਸੈਂਕੜਾ ਮੁਸਲਮਾਨਾਂ ਨੇ ਵਕਫ ਸੋਧ ਬਿੱਲ ਦਾ ਪੁਤਲਾ ਫੂਕ ਕੇ ਕੇਂਦਰ ਸਰਕਾਰ ਨੂੰ ਇੱਕ ਮੈਮੋਰੰਡਮ ਦੇ ਜ਼ਰੀਏ ਆਪਣਾ ਰੋਸ਼ ਦਰਜ ਕਰਵਾਇਆ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਾਨੂੰਨ ਚ ਸੋਧ ਕੋਈ ਨਵੀਂ ਗੱਲ ਨਹੀਂ ਲੇਕਿਨ ਅਗਰ ਉਹ ਕਿਸੇ ਵਿਸ਼ੇਸ਼ ਵਰਗ ਦੇ ਲਈ ਬਣਾਇਆ ਜਾ ਰਿਹਾ ਹੈ ਤਾਂ ਉਸ ਵਰਗ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਸਰਕਾਰ ਦੀ ਜਿੰਮੇਦਾਰੀ ਬਣਦੀ ਹੈ।
ਆਲ ਇੰਡੀਆ ਮੁਸਲਿਮ ਜਮਾਤ ਨੇ ਬਿੱਲ ਦਾ ਕੀਤਾ ਸਮਰਥਨ
ਆਲ ਇੰਡੀਆ ਮੁਸਲਿਮ ਜਮਾਤ ਦੇ ਰਾਸ਼ਟਰੀ ਪ੍ਰਧਾਨ ਮੌਲਾਨਾ ਸ਼ਹਾਬੁਦੀਨ ਰਜ਼ਵੀ ਬਰੇਲਵੀ ਨੇ ਕਿਹਾ ਕਿ ਵਕਫ਼ ਸੋਧ ਬਿੱਲ ਲੋਕ ਸਭਾ ਅਤੇ ਰਾਜ ਸਭਾ ਦੁਆਰਾ ਵੀ ਪਾਸ ਹੋ ਗਿਆ ਹੈ। ਮੈਂ ਇਸ ਲਈ ਸਰਕਾਰ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਇਸ ਬਿੱਲ ਨੂੰ ਮੁਸਲਮਾਨਾਂ ਦੇ ਹਿੱਤ ਵਿੱਚ ਦੱਸਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਆਮ ਮੁਸਲਮਾਨਾਂ ਨੂੰ ਇਸ ਵਿਰੁੱਧ ਸੜਕਾਂ 'ਤੇ ਨਾ ਆਉਣ ਦੀ ਅਪੀਲ ਕੀਤੀ।