ਲਖਨਊ: ਬੀਜੇਪੀ ਲੀਡਰ ਨੇ 2024 ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦੇਣ ਦਾ ਦਾਅਵਾ ਕਰਦਿਆਂ ਮੁਸਲਮਾਨਾਂ ਬਾਰੇ ਵਿਵਾਦਤ ਟਿੱਪਣੀ ਕੀਤੀ ਹੈ। ਯੂਪੀ ਦੇ ਜ਼ਿਲ੍ਹਾ ਬਲਿਆ ਦੀ ਬੈਰਿਆ ਵਿਧਾਨ ਸਭਾ ਸੀਟ ਤੋਂ ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ ਕਿ ਮੁਸਲਿਮ ਧਰਮ ਵਿੱਚ ਇੱਕ ਸ਼ਖ਼ਸ 50 ਪਤਨੀਆਂ ਰੱਖਦਾ ਹੈ ਤੇ 1050 ਬੱਚੇ ਪੈਦਾ ਕਰਦਾ ਹੈ। ਇਹ ਪਰੰਪਰਾ ਨਹੀਂ ਬਲਕਿ ਜਾਨਵਰਾਂ ਵਰਗੀ ਪ੍ਰਵਿਰਤੀ ਹੈ।


ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 2024 ਵਿੱਚ ਆਰਐਸਐਸ ਦੇ 100 ਸਾਲ ਪੂਰੇ ਹੋ ਜਾਣਗੇ। ਇਸ ਸਮੇਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਜਾਵੇਗਾ। ਬੀਜੇਪੀ ਵਿਧਾਇਕ ਸੁਰੇਂਦਰ ਸਿੰਘ ਨੇ ਕਿਹਾ ਕਿ ਹੁਣ ਜਦੋਂ ਦੇਸ਼ ਦੇ ਸਾਹਮਣੇ ਜਨਸੰਖਿਆ ਵੱਡੀ ਚੁਣੌਤੀ ਹੈ ਤਾਂ ਮੁਸਲਿਮ ਸਮਾਜ ਨੂੰ ਦੇਸ਼ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਦੇ ਇਲਾਵਾ ਉਨ੍ਹਾਂ ਮਮਤਾ ਬੈਨਰਜੀ 'ਤੇ ਵੀ ਹਮਲਾ ਬੋਲਿਆ ਤੇ ਸਪਾ-ਬਸਪਾ ਮੁਖੀ ਅਖਿਲੇਸ਼ ਯਾਦਵ ਤੇ ਮਾਇਆਵਤੀ ਨੂੰ ਸ਼ੁੱਧ ਤੌਰ 'ਤੇ ਸਿਆਸੀ ਦਰਿੱਦਰ ਕਹਿ ਦਿੱਤਾ।



ਦੱਸ ਦੇਈਏ ਸੁਰੇਂਦਰ ਸਿੰਘ ਆਪਣੇ ਵਿਵਾਦਤ ਬਿਆਨਾਂ ਕਰਕੇ ਵਾਰ-ਵਾਰ ਖ਼ਬਰਾਂ ਵਿੱਚ ਰਹਿੰਦੇ ਹਨ। ਪਿਛਲੇ ਸਾਲ ਜੁਲਾਈ ਵਿੱਚ ਉਨ੍ਹਾਂ ਕਿਹਾ ਸੀ ਕਿ ਹਿੰਦੁਤਵ ਨੂੰ ਬਣਾਈ ਰੱਖਣ ਲਈ ਹਿੰਦੂ ਜੋੜੇ ਦੇ ਘੱਟੋ-ਘੱਟ ਪੰਜ ਬੱਚੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਸੀ ਕਿ ਭਾਰਤ ਵਿੱਚ ਹਿੰਦੂ ਆਬਾਦੀ ਵਧਾਉਣ ਲਈ ਇਹ ਕਦਮ ਜ਼ਰੂਰੀ ਹੈ।