ਸ੍ਰੀਨਗਰ: 1990 ਵਿੱਚ ਕਸ਼ਮੀਰੀ ਪੰਡਤਾਂ ਨੂੰ ਘਾਟੀ ਛੱਡਣ ਲਈ ਮਜਬੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੰਗਠਨ ਹਿਜ਼ਬੁਲ ਮੁਜ਼ਾਹਦੀਨ ਨੇ 26 ਸਾਲ ਵਿੱਚ ਪਹਿਲੀ ਵਾਰ ਆਪਣਾ ਰੁਖ ਬਦਲਿਆ ਹੈ। ਬੁਹਾਰਨ ਵਾਨੀ ਦੇ ਮੁਕਾਬਲੇ ਤੋਂ ਬਾਅਦ ਇਸ ਦਹਿਸ਼ਤਗਰਦ ਸੰਗਠਨ ਦੇ ਕਮਾਂਡਰ ਬਣੇ ਜ਼ਾਕਿਰ ਰਸ਼ੀਦ ਉਰਫ਼ ਮੂਸਾ ਨੇ ਵੀਡੀਓ ਸੁਨੇਹਾ ਜਾਰੀ ਕਰਕੇ ਪੰਡਤਾਂ ਨੂੰ ਵਾਦੀ ਵਿੱਚ ਵਾਪਸ ਆਉਣ ਦਾ ਸੱਦਾ ਦਿੱਤਾ ਹੈ। ਮੂਸਾ ਨੇ ਆਖਿਆ ਹੈ, "ਅਸੀਂ ਕਸ਼ਮੀਰੀ ਪੰਡਤਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਘਾਟੀ ਵਿੱਚ ਆਪਣੇ ਘਰ ਵਾਪਸ ਆਉਣ, ਅਸੀਂ ਤੁਹਾਡੀ ਰਾਖੀ ਦੀ ਜ਼ਿੰਮੇਵਾਰੀ ਲੈਂਦੇ ਹਾਂ।"
ਯਾਦ ਰਹੇ ਕਿ ਹਿਜ਼ਬੁਲ ਨੇ ਅਗਸਤ ਮਹੀਨੇ ਵਿੱਚ ਵੀ ਆਖਿਆ ਸੀ ਕਿ ਕਸ਼ਮੀਰੀ ਪੰਡਤ ਜੇਕਰ ਚਹਾਉਣ ਤਾਂ ਉਹ ਵਾਪਸ ਆ ਸਕਦੇ ਹਨ ਪਰ ਪੰਡਤਾਂ ਦੀ ਰਾਖੀ ਦੀ ਜ਼ਿੰਮੇਵਾਰੀ ਪਹਿਲੀ ਵਾਰ ਹਿਜ਼ਬੁਲ ਨੇ ਲਈ ਹੈ। ਯਾਦ ਰਹੇ ਕਿ 1990 ਤੋਂ ਜਦੋਂ ਦਹਿਸ਼ਤਵਾਦ ਵਾਦੀ ਵਿੱਚ ਸ਼ੁਰੂ ਹੋਇਆ ਹੈ ਤਾਂ 10 ਲੱਖ ਪੰਡਤ ਆਪਣਾ ਘਰ ਛੱਡ ਕੇ ਚਲੇ ਗਏ ਹਨ। 1990 ਵਿੱਚ ਕਸ਼ਮੀਰ ਦੀ ਸਥਾਨਕ ਉਰਦੂ ਅਖ਼ਬਾਰ ਵਿੱਚ ਹਿਜ਼ਬੁਲ ਨੇ ਸੁਨੇਹਾ ਦਿੱਤਾ ਸੀ ਕਿ ਸਾਰੇ ਕਸ਼ਮੀਰ ਪੰਡਤ ਤੁਰੰਤ ਵਾਦੀ ਛੱਡ ਕੇ ਚਲੇ ਜਾਣ।
ਦਹਿਸ਼ਤਗਰਦ ਮੂਸਾ ਨੇ ਆਪਣੇ ਸੁਨੇਹੇ ਵਿੱਚ ਆਖਿਆ ਹੈ ਕਿ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਪੰਡਤਾਂ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਹੁਣ ਵੀ ਵਾਦੀ ਵਿੱਚ ਰਹਿ ਰਹੇ ਹਨ। ਮੂਸਾ ਅਨੁਸਾਰ ਸਰਕਾਰ ਪੰਜਾਬ ਦੇ ਅਪਰੇਸ਼ਨ ਬੂਲਿਓ ਸਟਾਰ ਵਾਂਗ ਅਪਰੇਸ਼ਨ ਵਾਦੀ ਵਿੱਚ ਵੀ ਚਲਾਉਣਾ ਚਾਹੁੰਦੀ ਹੈ।
ਇਸ ਲਈ ਅਸੀਂ ਸਿੱਖ ਨੌਜਵਾਨਾਂ ਨੂੰ ਵੀ ਆਪਣੇ ਨਾਲ ਜੋੜਨ ਜਾ ਰਹੇ ਹਾਂ। ਮੂਸਾ ਨੇ ਆਖਿਆ ਕਿ ਸਿੱਖ ਨੌਜਵਾਨ ਖ਼ੁਦ ਹਿਜ਼ਬੁਲ ਮੁਜ਼ਾਹਦੀਨ ਵਿੱਚ ਸ਼ਾਮਲ ਹੋਣ ਦੀ ਇੱਛਾ ਕਈ ਵਾਰ ਪ੍ਰਗਟਾ ਚੁੱਕੇ ਹਨ।