ਚੰਡੀਗੜ੍ਹ: ਕੇਂਦਰ ਸਰਕਾਰ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਕਿਸਾਨ ਅੰਦੋਲਨ ਵਿੱਚ 582 ਤੋਂ ਵੱਧ ਕਿਸਾਨ ਤੇ ਮਜ਼ਦੂਰ ਸ਼ਹਾਦਤਾਂ ਦੇ ਚੁੱਕੇ ਹਨ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਸੰਸਦ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਕੋਲ ਤਾਂ ਅਜਿਹਾ ਕੋਈ ਅੰਕੜਾ ਨਹੀਂ ਕਿ ਕੋਈ ਕਿਸਾਨ ਸ਼ਹੀਦ ਹੋਇਆ ਹੈ। ਖੇਤੀਬਾੜੀ ਮੰਤਰੀ ਦੇ ਇਸ ਬਿਆਨ ਨੇ ਬਲਦੀ 'ਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਮੰਤਰੀ ਦੇ ਬਿਆਨ ਮਗਰੋਂ ਕਿਸਾਨਾਂ ਦਾ ਗੁੱਸਾ ਹੋਰ ਭੜਕ ਗਿਆ ਹੈ।


ਕਿਸਾਨ ਲੀਡਰਾਂ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਖੇਤੀ ਮੰਤਰੀ ਨੇ ਕਿਸਾਨ ਅੰਦੋਲਨ ਦੌਰਾਨ ਕੁਰਬਾਨੀਆਂ ਦੇਣ ਵਾਲੇ ਕਿਸਾਨਾਂ ਦਾ ਕੋਈ ਅੰਕੜਾ ਤੇ ਸਬੰਧਤ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਕੋਈ ਤਜਵੀਜ਼ ਨਾ ਹੋਣ ਦਾ ਪ੍ਰਗਟਾਵਾ ਕਰਕੇ ਭਾਜਪਾ ਆਗੂਆਂ ਦੇ ਲੋਕ ਵਿਰੋਧੀ ਤੇ ਅਸੰਵੇਦਨਸ਼ੀਲ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦਾ ਪ੍ਰਗਟਾਵਾ ਹਾਕਮਾਂ ਦੀ ਹੱਠਧਰਮੀ, ਹੰਕਾਰ ਤੇ ਕਿਸਾਨੀ ਮੰਗਾਂ ਪ੍ਰਤੀ ਗੈਰਸੰਜੀਦਗੀ ਨੂੰ ਦਰਸਾਉਂਦਾ ਹੈ।


ਕਿਸਾਨ ਲੀਡਰਾਂ ਨੇ ਕਿਹਾ ਕਿ ਹੁਣ ਤੱਕ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਸਮੇਤ ਹੋਰਨਾਂ ਸੂਬਿਆਂ ਦੇ 582 ਤੋਂ ਵੱਧ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋ ਚੁੱਕੇ ਹਨ ਪਰ ‘ਮਨ ਕੀ ਬਾਤ’ ਕਰਨ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅੱਜ ਤੱਕ ਇਨ੍ਹਾਂ ਕਿਸਾਨਾਂ ਲਈ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਸਰਿਆ।


ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਤੋਮਰ ਵੱਲੋਂ ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਬਾਰੇ ਜਾਣਕਾਰੀ ਨਾ ਹੋਣ ਵਾਲੇ ਬਿਆਨ ਨੂੰ ਮੰਦਭਾਗਾ ਦੱਸਿਆ। ਉਨ੍ਹਾਂ ਕਿਹਾ ਕਿ ਮੰਤਰੀ ਨੇ ਲੋਕ ਸਭਾ ਵਿੱਚ ਝੂਠ ਬੋਲੇ ਕੇ ਸੰਸਦ ਨੂੰ ਗੁਮਰਾਹ ਕੀਤਾ ਹੈ ਕਿ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਦਾ ਸਰਕਾਰ ਕੋਲ ਕੋਈ ਰਿਕਾਰਡ ਨਹੀਂ।


ਉਨ੍ਹਾਂ ਕਿਹਾ ਕਿ ਜਿੰਨੇ ਵੀ ਕਿਸਾਨ ਦਿੱਲੀ ਹੱਦ ’ਤੇ ਮੋਰਚੇ ਦੌਰਾਨ ਸ਼ਹੀਦ ਹੋਏ ਹਨ, ਉਨ੍ਹਾਂ ਬਾਰੇ ਵੱਖ-ਵੱਖ ਸਰਕਾਰੀ ਹਸਪਤਾਲਾਂ ਵਿੱਚ ਪੋਸਟਮਾਰਟਮ ਰਿਪੋਰਟਾਂ ਦਰਜ ਹਨ। ਦੀਪ ਸਿੰਘ ਵਾਲਾ ਨੇ ਕਿਹਾ ਕਿ ਸਰਕਾਰ ਸ਼ਹੀਦ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਭੱਜਦੀ ਹੋਈ ਇਹ ਬਿਆਨ ਦੇ ਰਹੀ ਹੈ।


ਇਹ ਵੀ ਪੜ੍ਹੋ: Pegasus Case: ਪੈਗਾਸਸ ਜਾਸੂਸੀ ਮਾਮਲਾ ਪੁੱਜਾ Supreme Court, SIT ਜਾਂਚ ਤੇ ਸੌਫ਼ਟਵੇਅਰ ਦੀ ਖ਼ਰੀਦ ’ਤੇ ਰੋਕ ਲਾਉਣ ਦੀ ਮੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904