National Herald Case : ਨੈਸ਼ਨਲ ਹੈਰਾਲਡ ਕੇਸ ਵਿੱਚ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਅੱਜ ਵੀ ਜਾਰੀ ਹੈ। ਰਾਹੁਲ ਗਾਂਧੀ ਲਗਾਤਾਰ ਦੂਜੇ ਦਿਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੁੱਛਗਿੱਛ ਲਈ ਪੇਸ਼ ਹੋਏ ਹਨ। ਉਨ੍ਹਾਂ ਨੂੰ ਸਵੇਰੇ 11 ਵਜੇ ਈਡੀ ਹੈੱਡਕੁਆਰਟਰ ਬੁਲਾਇਆ ਗਿਆ ਸੀ। ਕਰੀਬ ਸਾਢੇ ਚਾਰ ਘੰਟੇ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਲੰਚ ਬ੍ਰੇਕ 'ਚ ਈਡੀ ਦਫ਼ਤਰ ਤੋਂ ਬਾਹਰ ਜਾਣ ਦਿੱਤਾ ਗਿਆ। ਮੀਡੀਆ ਸੂਤਰਾਂ ਮੁਤਾਬਕ ਲੰਚ ਬ੍ਰੇਕ ਤੋਂ ਬਾਅਦ ਰਾਹੁਲ ਗਾਂਧੀ ਫਿਰ ਤੋਂ ਈਡੀ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਉਸ ਤੋਂ 10 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਗਈ ਸੀ।
ਦੂਜੇ ਪਾਸੇ ਰਾਹੁਲ ਗਾਂਧੀ ਤੋਂ ਪੁੱਛਗਿੱਛ ਦੇ ਵਿਰੋਧ 'ਚ ਕਾਂਗਰਸ ਨੇਤਾਵਾਂ ਨੇ ਅੱਜ ਵੀ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਪੁਲੀਸ ਨੇ ਈਡੀ ਦੇ ਸੰਮਨ ਦਾ ਵਿਰੋਧ ਕਰ ਰਹੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ, ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸਮੇਤ 100 ਤੋਂ ਵੱਧ ਆਗੂਆਂ ਨੂੰ ਕਾਂਗਰਸ ਦਫ਼ਤਰ ਦੇ ਬਾਹਰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਸਾਰੇ ਰਾਹੁਲ ਗਾਂਧੀ ਦੇ ਨਾਲ ਈਡੀ ਦਫ਼ਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਸੋਮਵਾਰ ਨੂੰ ਕਾਂਗਰਸੀ ਨੇਤਾਵਾਂ ਦੇ ਹਾਈਵੋਲਟੇਜ ਡਰਾਮੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪੁਲਿਸ ਨੇ ਕਾਂਗਰਸ ਦਫ਼ਤਰ ਅਤੇ ਈਡੀ ਹੈੱਡਕੁਆਰਟਰ ਦੇ ਆਲੇ-ਦੁਆਲੇ ਧਾਰਾ 144 ਲਗਾ ਦਿੱਤੀ ਹੈ ਅਤੇ ਉੱਥੇ ਪੁਲਿਸ ਅਤੇ ਨੀਮ ਫ਼ੌਜੀ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਪਾਰਟੀ ਅੱਜ ਵੀ ਸੰਮਨ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਰੱਖੇਗੀ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਇਹ ਪੁੱਛਗਿੱਛ ਸੱਤਾਧਾਰੀ ਭਾਜਪਾ ਦੀ ਬਦਲਾਖੋਰੀ ਦੀ ਰਾਜਨੀਤੀ ਦਾ ਹਿੱਸਾ ਹੈ।
ਦੱਸ ਦੇਈਏ ਕਿ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਸੋਨੀਆ ਗਾਂਧੀ ਦੀ ਖਰਾਬ ਸਿਹਤ ਦੇ ਮੱਦੇਨਜ਼ਰ ਹੁਣ ਉਨ੍ਹਾਂ ਨੂੰ 23 ਜੂਨ ਨੂੰ ਬੁਲਾਇਆ ਗਿਆ ਹੈ। ਰਾਹੁਲ ਗਾਂਧੀ ਲੰਚ ਬ੍ਰੇਕ ਦੌਰਾਨ ਘਰ ਪਹੁੰਚੇ ਹਨ। ਦੱਸਿਆ ਗਿਆ ਹੈ ਕਿ ਇਸ ਦੌਰਾਨ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਵੀ ਘਰ 'ਚ ਮੌਜੂਦ ਸੀ। ਲੰਚ ਬ੍ਰੇਕ ਤੋਂ ਬਾਅਦ ਰਾਹੁਲ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਪਰਤਣਾ ਹੋਵੇਗਾ।