National Security Strategies Conference: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਰਾਸ਼ਟਰੀ ਸੁਰੱਖਿਆ ਦੇ ਮੁੱਦੇ 'ਤੇ ਬੈਠਕ ਕੀਤੀ। ਛੇ ਘੰਟੇ ਚੱਲੀ ਇਸ ਬੈਠਕ 'ਚ ਉਨ੍ਹਾਂ ਅੰਦਰੂਨੀ ਸੁਰੱਖਿਆ ਨੂੰ ਲੈਕੇ ਸੂਬਿਆਂ ਦੇ ਵਿਚ ਤਾਲਮੇਲ 'ਤੇ ਜ਼ੋਰ ਦਿੱਤਾ। ਸੂਤਰਾਂ ਦੇ ਮੁਤਾਬਕ ਸ਼ਾਹ ਨੇ ਛੋਟੀ ਤੋਂ ਛੋਟੀ ਸੂਚਨਾ ਤੇ ਸਾਵਧਾਨੀ ਨਾਲ ਕਾਰਵਾਈ ਦੇ ਹੁਕਮ ਦਿੱਤੇ।


ਇੰਟੈਲੀਜੈਂਸ ਬਿਊਰੋ ਦੇ ਹੈੱਡ ਆਫਿਸ 'ਚ ਕਰਵਾਈ ਰਾਸ਼ਟਰੀ ਸੁਰੱਖਿਆ ਰਣਨੀਤੀ ਸੰਮੇਲਨ 'ਚ ਅਮਿਤ ਸ਼ਾਹ ਨੇ ਕਿਹਾ ਕਿ ਬਾਰਡਰ ਇਲਾਕਿਆਂ 'ਚ ਸੂਬਾ ਪੁਲਿਸ ਤੇ ਕੇਂਦਰੀ ਸੁਰੱਖਿਆ ਬਲਾਂ ਦੇ ਵਿਚ ਹੋਰ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ। ਇਸ ਲਈ ਸਮੇਂ ਸਮੇਂ 'ਤੇ ਉੱਚ ਅਧਿਕਾਰੀਆਂ ਦੇ ਵਿਚ ਤਾਲਮੇਲ ਬੈਠਕ ਹੋਵੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।


ਬੈਠਕ 'ਚ ਰਾਜਮੰਤਰੀ ਨਿਤਿਆਨੰਦ ਰਾਏ, ਗ੍ਰਹਿ ਸਕੱਤਰ ਏਕੇ ਭੱਲਾ, ਐਨਐਸਏ ਅਜੀਤ ਡੋਭਾਲ, ਸੀਬੀਆਈ ਚੀਫ਼ ਸਮੇਤ ਸਾਰੀਆਂ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਮੁਖੀ 'ਤੇ ਕੇਂਦਰੀ ਸੁਰੱਖਿਆ ਬਲਾਂ ਦੇ ਮੁਖੀ ਮੌਜੂਦ ਰਹੇ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਅਮਿਤ ਸ਼ਾਹ ਨੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਬੈਠਕ ਅਜਿਹੇ ਸਮੇਂ ਹੋਈ ਹੈ ਜਦੋਂ ਬੀਐਸਐਫ਼ ਦੀ ਸ਼ਕਤੀ ਵਧਾਉਣ ਨੂੰ ਲੈਕੇ ਵਿਵਾਦ ਹੋ ਰਿਹਾ ਹੈ ਤੇ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।






ਹਾਲ ਹੀ 'ਚ ਕੇਂਦਰ ਸਰਕਾਰ ਨੇ ਕਾਨੂੰਨ 'ਚ ਸੋਧ ਕਰਕੇ ਸੀਮਾ ਸੁਰੱਖਿਆ ਬਲ ਦੀ ਸ਼ਕਤੀ ਵਧਾਈ ਹੈ। ਇਸ ਤਹਿਤ ਬੀਐਸਐਫ ਨੂੰ ਪੰਜਾਬ, ਪੱਛਮੀ ਬੰਗਾਲ ਤੇ ਅਸਮ 'ਚ ਅੰਤਰ-ਰਾਸ਼ਟਰੀ ਸੀਮਾ ਤੋਂ ਮੌਜੂਦਾ 15 ਕਿਲੋਮੀਟਰ ਦੀ ਥਾਂ 50 ਕਿਲੋਮੀਟਰ ਦੇ ਖੇਤਰ ਚ ਤਲਾਸ਼ੀ ਲੈਣ, ਜ਼ਬਤ ਕਰਨ 'ਤੇ ਗ੍ਰਿਫ਼ਤਾਰ ਕਰਨ ਦੀ ਸ਼ਕਤੀ ਦਿੱਤੀ ਗਈ ਹੈ।