11 ਮਈ ਦੇ ਦਿਨ ਭਾਰਤ ਦੇ ਲੋਕਾਂ ਲਈ ਬੇਹੱਦ ਖਾਸ ਹੈ। ਇਹ ਦਿਨ ਹਰ ਸਾਲ ਨੈਸ਼ਨਲ ਟੈਕਨਾਲੋਜੀ ਡੇਅ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਕੀਤੀ ਗਈ ਸੀ। ਦੇਸ਼ ਦੇ ਵਿਕਾਸ 'ਚ ਵਿਗਿਆਨੀਆਂ ਦਾ ਯੋਗਦਾਨ ਭੁਲਾਇਆ ਨਾ ਜਾਵੇ ਇਸ ਲਈ ਉਨ੍ਹਾਂ ਨੈਸ਼ਨਲ ਟੈਕਨਾਲੋਜੀ ਡੇਅ ਮਨਾਉਣ ਦਾ ਐਲਾਨ ਕੀਤਾ ਸੀ। ਆਓ ਤਹਾਨੂੰ ਦੱਸਦੇ ਹਾਂ ਇਸ ਦਾ ਇਤਿਹਾਸ ਤੇ ਇਸ ਨਾਲ ਜੁੜੀਆਂ ਕੁਝ ਕਾਸ ਗੱਲਾਂ।
ਕੀ ਹੈ ਇਸ ਦਾ ਇਤਿਹਾਸ?
11 ਮਈ 1998 ਨੂੰ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ 'ਚ ਭਾਰਤ ਨੇ ਰਾਜਸਥਾਨ ਦੇ ਪੋਖਰਣ 'ਚ ਪਰਮਾਣੂ ਪ੍ਰੀਖਣ ਕੀਤਾ ਸੀ। ਪੋਖਰਣ 'ਚ ਪੰਜ ਪਰੀਖਣ ਕੀਤੇ ਗਏ ਸਨ। ਜਿਸ 'ਚ ਤਿੰਨ 11 ਮਈ ਨੂੰ ਕੀਤੇ ਗਏ ਜਦਕਿ ਬਾਕੀ ਦੋ 13 ਮਈ ਨੂੰ ਕੀਤੇ ਗਏ। 11 ਮਈ ਨੂੰ ਕੀਤੇ ਗਏ ਪ੍ਰੀਖਣ 'ਚ 5.3 ਰਿਕਟਰ ਪੈਮਾਨੇ 'ਤੇ ਭੂਚਾਲ ਕੰਪਨ ਦਰਜ ਕਰਦਿਆਂ ਤਿੰਨ ਪਰਮਾਣੂ ਬੰਬ ਵਿਸਫੋਟ ਕੀਤੇ ਗਏ ਤੇ ਉਦੋਂ ਤੋਂ ਲੈਕੇ ਅੱਜ ਤਕ ਦੇਸ਼ 'ਚ ਨੈਸ਼ਨਲ ਟੈਕਨਾਲੋਜੀ ਡੇਅ ਮਨਾਇਆ ਜਾਂਦਾ ਹੈ।
ਤ੍ਰਿਸ਼ੂਲ ਮਿਜ਼ਾਇਲ ਦਾ ਸਫਲ ਪਰੀਖਣ
ਅੱਜ ਦੇ ਦਿਨ ਯਾਨੀ 11 ਮਈ, 1998 ਨੂੰ ਡਿਫੈਂਸ ਰਿਸਰਚ ਐਂਡ ਡਵੈਲਪਮੈਂਟ ਆਰਗੇਨਾਇਜ਼ੇਸ਼ਨ ਨੇ ਤ੍ਰਿਸ਼ੂਲ ਮਿਜ਼ਾਇਲ ਦਾ ਸਫਲ ਪਰੀਖਣ ਕੀਤਾ ਸੀ। ਜੋ ਕਿ ਘੱਟ ਦੂਰੀ ਦੀ ਮਾਰ ਸਮਰੱਥਾ ਵਾਲੀ ਮਿਜ਼ਾਇਲ ਹੈ। ਤ੍ਰਿਸ਼ੂਲ ਮਿਜ਼ਾਇਲ ਤੇਜ਼ੀ ਨਾਲ ਆਪਣੇ ਟਾਰਗੇਟ 'ਤੇ ਅਟੈਕ ਕਰਦੀ ਹੈ। ਇਸ ਤੋਂ ਇਲਾਵਾ ਨੈਸ਼ਨਲ ਟੈਕਨਾਲੋਜੀ ਡੇਅ ਦੇ ਦਿਨ ਹੀ ਭਾਰਤ ਦੇ ਪਹਿਲੇ ਏਅਰਕ੍ਰਾਫਟ Hansa-1 ਨੇ ਉਡਾਣ ਭਰੀ ਸੀ।
ਇਹ ਹੈ ਇਸ ਵਾਰ ਦਾ ਥੀਮ
ਦਿੱਲੀ 'ਚ ਅੱਜ ਦੇ ਦਿਨ ਯਾਨੀ ਨੈਸ਼ਨਲ ਟੈਕਨਾਲੋਜੀ ਡੇਅ ਦੇ ਦਿਨ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਰਾਸ਼ਟਰਪਤੀ ਸ਼ਿਰਕਤ ਕਰਦੇ ਹਨ। ਉਹ ਵਿਗਿਆਨੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਸਨਮਾਨਤ ਕਰਦੇ ਹਨ। ਟੈਕਨਾਲੋਜੀ ਡਵੈਲਪਮੈਂਟ ਬੋਰਡ ਹਰ ਸਾਲ ਨੈਸ਼ਨਲ ਟੈਕਨਾਲੋਜੀ ਡੇਅ ਦੇ ਥੀਮ ਦਾ ਐਲਾਨ ਕਰਦਾ ਹੈ। ਇਸ ਵਾਰ ਦਾ ਥੀਮ ਇਕ 'ਸਥਾਈ ਭਵਿੱਖ ਲਈ ਵਿਗਿਆਨ ਤੇ ਤਕਨਾਲੋਜੀ' ਹੈ।