ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ 40 ਸੀਆਰਪੀਐਫ ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਸਿੱਧੂ ਨੇ ਬੀਤੇ ਕੱਲ੍ਹ ਵਿਵਾਦਿਤ ਬਿਆਨ ਦਿੱਤਾ ਸੀ। ਸੂਤਰਾਂ ਮੁਤਾਬਕ ਹਾਸਰਸ ਕਲਾਕਾਰ ਕਪਿਲ ਸ਼ਰਮਾ ਨਾਲ ਸ਼ੋਅ ਕਰਨ ਵਾਲੇ ਨਵਜੋਤ ਸਿੱਧੂ ਨੂੰ ਬਾਹਰ ਕੀਤਾ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਟੈਲੀਵਿਜ਼ਨ ਚੈਨਲ ਨੇ ਸ਼ੋਅ ਨਿਰਮਾਤਾ ਨੂੰ ਸਿੱਧੂ ਦਾ ਬਦਲ ਤਲਾਸ਼ਣ ਲਈ ਕਿਹਾ ਸੀ। ਬੀਤੇ ਦਿਨ ਤੋਂ ਹੀ ਸੋਸ਼ਲ ਮੀਡੀਆ 'ਤੇ #BoycottSidhu ਦੇ ਹੈਸ਼ ਟੈਗ ਨਾਲ ਨਵਜੋਤ ਸਿੱਧੂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਲੋਕਾਂ ਨੇ ਵੱਡੇ ਪੱਧਰ 'ਤੇ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਸਿੱਧੂ ਦੀ ਥਾਂ ਅਰਚਨਾ ਪੂਰਨ ਸਿੰਘ ਨਾਲ ਕਪਿਲ ਸ਼ਰਮਾ ਦੇ ਕੁਝ ਸ਼ੋਅ ਸ਼ੂਟ ਕੀਤੇ ਗਏ ਸਨ। ਰਿਪੋਰਟਾਂ ਦੀ ਮੰਨੀਏ ਤਾਂ ਉਹੀ ਸਿੱਧੂ ਦੀ ਜਗ੍ਹਾ ਲੈਣਗੇ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਬੀਤੇ ਕੱਲ੍ਹ ਕਿਹਾ ਸੀ ਕਿ ਕੁਝ ਕੁ ਲੋਕਾਂ ਬਦਲੇ ਤੁਸੀਂ ਪੂਰੇ ਦੇਸ਼ ਨੂੰ ਦੋਸ਼ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਇਹ ਹਮਲਾ ਕਾਇਰਾਨਾ ਹੈ ਤੇ ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ ਅਤੇ ਜਿਸ ਨੇ ਵੀ ਇਸ ਨੂੰ ਅੰਜਾਮ ਦਿੱਤਾ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।