ਨਵਜੋਤ ਸਿੰਘ ਸਿੱਧੂ ਨੇ ਅੱਜ ਸਵੇਰੇ ਰਾਬਰਟ ਵਾਡਰਾ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਵਾਡਰਾ ਤੋਂ ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਤੀਜੇ ਦਿਨ ਪੁੱਛਗਿੱਛ ਕੀਤੀ ਹੈ। ਅਜਿਹੇ ਵਿੱਚ ਨਵਜੋਤ ਸਿੱਧੂ ਨੇ ਰਾਬਰਟ ਵਾਡਰਾ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਕੇ ਗਾਂਧੀ ਪਰਿਵਾਰ ਕੋਲ ਆਪਣੇ ਨੰਬਰ ਤਾਂ ਵਧਾਏ ਹੀ ਹਨ, ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦਿਵਾਉਣ ਲਈ ਰਾਹ ਵੀ ਪੱਧਰਾ ਕਰ ਲਿਆ ਹੈ। ED ਦੀ ਪੁੱਛਗਿੱਛ ਦੌਰਾਨ ਵਾਡਰਾ ਨੂੰ ਮਿਲਣ ਵਾਲੇ ਸਿੱਧੂ ਪੰਜਾਬ ਦੇ ਪਹਿਲੇ ਕਾਂਗਰਸੀ ਲੀਡਰ ਹਨ
ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਲਈ ਟਿਕਟ 'ਤੇ ਦਾਅਵੇਦਾਰੀ ਜਤਾ ਦਿੱਤੀ ਸੀ। ਉਨ੍ਹਾਂ ਦੇ ਨਾਲ ਕਾਂਗਰਸ ਦੇ ਰਿਵਾਇਤੀ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਮਨੀਸ਼ ਤਿਵਾੜੀ ਨੇ ਵੀ ਚੰਡੀਗੜ੍ਹ ਤੋਂ ਹੀ ਲੋਕ ਸਭਾ ਚੋਣ ਲੜਨ 'ਤੇ ਦਾਅਵੇਦਾਰੀ ਜਤਾਈ ਹੈ। ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਸੀਟਾਂ ਲਈ ਦਾਅਵੇਦਾਰੀ ਜਤਾਉਣ ਲਈ ਸ਼ੁੱਕਰਵਾਰ ਆਖਰੀ ਦਿਨ ਸੀ। ਡੈਡਲਾਈਨ ਲੰਘਣ ਤੋਂ ਅਗਲੇ ਹੀ ਦਿਨ ਪ੍ਰਿਅੰਕਾ ਗਾਂਧੀ ਨਾਲ ਸਿੱਧੂ ਦੀ ਮੁਲਾਕਾਤ ਦੇ ਕਈ ਸਿਆਸੀ ਮਾਅਨੇ ਨਿੱਕਲਦੇ ਹਨ। ਇਹ ਤਾਂ ਸਮਾਂ ਹੀ ਦੱਸੇਗਾ ਕਿ ਨਵਜੋਤ ਕੌਰ ਸਿੱਧੂ ਨੂੰ ਟਿਕਟ ਦਿਵਾਉਣ ਵਿੱਚ ਪੰਜਾਬ ਦੇ ਮੰਤਰੀ ਦੀ ਇਹ ਮੁਲਾਕਾਤ ਕਿੰਨੀ ਕੁ ਸਹਾਈ ਸਿੱਧ ਹੁੰਦੀ ਹੈ।