ਇੰਦੌਰ: ਚੋਣ ਕਮਿਸ਼ਨ ਦੇ ਤਾਜ਼ਾ ਨੋਟਿਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਪੀਐਮ ਮੋਦੀ ਖ਼ਿਲਾਫ਼ ਤਿੱਖੇ ਹਮਲੇ ਕਰ ਰਹੇ ਹਨ। ਹੁਣ ਤਾਂ ਉਨ੍ਹਾਂ ਪੀਐਮ ਮੋਦੀ ਦੀ ਤੁਲਨਾ ਉਸ ਵਹੁਟੀ ਨਾਲ ਕਰ ਦਿੱਤੀ ਜੋ ਘਰੇਲੂ ਕੰਮ-ਕਾਜ ਕਰਦੀ ਹੈ, ਪਰ ਹੋਰਾਂ ਸਾਹਮਣੇ ਕੰਮ ਦਾ ਦਿਖਾਵਾ ਜ਼ਿਆਦਾ ਕਰਦੀ ਹੈ। ਸਿੱਧੂ ਨੇ ਮੀਡੀਆ ਨੂੰ ਕਿਹਾ ਕਿ ਮੋਦੀ ਉਸ ਦੁਲਹਨ ਵਾਂਗ ਹਨ ਜੋ ਰੋਟੀਆਂ ਘੱਟ ਵੇਲਦੀ ਹੈ ਤੇ ਚੂੜੀਆਂ ਵਧੇਰੇ ਛਣਕਾਉਂਦੀ ਹੈ ਤਾਂ ਕਿ ਪਤਾ ਚੱਲੇ ਕਿ ਉਹ ਕੰਮ ਕਰ ਰਹੀ ਹੈ।


ਸਿੱਧੂ ਨੇ ਕਿਹਾ ਕਿ ਉਹ 8ਵੀਂ ਵਾਰ ਪੁੱਛ ਰਹੇ ਹਨ ਕਿ ਮੋਦੀ ਉਨ੍ਹਾਂ ਨੂੰ ਆਪਣੀ ਬੱਸ ਇੱਕ ਉਪਲਬਧੀ ਦੱਸ ਦੇਣ। ਦੱਸ ਦੇਈਏ ਪੀਐਮ ਖ਼ਿਲਾਫ਼ ਕਥਿਤ ਅਪਮਾਨਜਨਕ ਟਿੱਪਣੀਆਂ ਕਰਨ ਲਈ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਚੋਣ ਕਮਿਸ਼ਨ ਨੇ ਸਿੱਧੂ ਨੂੰ ਸ਼ੁੱਕਰਵਾਰ ਨੂੰ ਹੀ ਨਵਾਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਇਸ ਤੋਂ ਇਲਾਵਾ ਸਿੱਧੂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੇ ਵਿਵਾਦਿਤ ਬਿਆਨ ਸਬੰਧੀ ਟਾਲਾ ਵੱਟਦਿਆਂ ਕਿਸੇ ਤਰ੍ਹਾਂ ਦੀ ਟਿੱਪਣੀ ਕਰਨੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਜ਼ਰੂਰੀ ਨਹੀਂ ਕਿ ਸੈਮ ਪਿਤ੍ਰੋਦਾ ਨੇ ਕੀ ਕਿਹਾ। ਇਸ ਲਈ ਉਹ ਉਨ੍ਹਾਂ ਦੇ ਬਿਆਨ 'ਤੇ ਕਿਵੇਂ ਟਿੱਪਣੀ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਸਵਾਰੀ ਆਪਣੇ ਸਾਮਾਨ ਦੀ ਖ਼ੁਦ ਜ਼ਿੰਮੇਵਾਰ ਹੁੰਦੀ ਹੈ।