ਕੋਲਕਾਤਾ: ਪੱਛਮੀ ਬੰਗਾਲ ’ਚ ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਹਨ, ਤਿਉਂ-ਤਿਉਂ ਸਿਆਸੀ ਆਗੂਆਂ ਦੇ ਇੱਕ-ਦੂਜੇ ਉੱਤੇ ਹਮਲੇ ਤਿੱਖੇ ਤੇ ਰੋਹ ਭਰਪੂਰ ਹੋ ਗਏ ਹਨ। ਕੋਲਕਾਤਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਲ੍ਹ ਐਤਵਾਰ ਨੂੰ ਚੋਣ ਰੈਲੀ ਤੋਂ ਪਹਿਲਾਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਹੁਣ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ‘ਨਕਸਲੀ’ ਦੱਸਿਆ ਹੈ ਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਮਿਥੁਨ ਨੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਦੇ ਡਰ ਕਾਰਨ ਭਾਜਪਾ ਦਾ ਪੱਲਾ ਫੜਿਆ ਹੈ।

 
ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਸੌਗਤ ਰਾਏ ਨੇ ਕਿਹਾ ਕਿ ਹੁਣ ਮਿਥੁਨ ਚੱਕਰਵਰਤੀ ਦਾ ਆਮ ਲੋਕਾਂ ’ਚ ਕੋਈ ਆਧਾਰ ਨਹੀਂ ਹੈ। ਸਭ ਤੋਂ ਪਹਿਲਾਂ ਉਹ ਨਕਸਲੀ ਸਨ, ਫਿਰ ਉਹ ਸੀਪੀਐਮ ’ਚ ਸ਼ਾਮਲ ਹੋ ਗਏ, ਫਿਰ ਤ੍ਰਿਣਮੂਲ ਕਾਂਗਰਸ ’ਚ ਆਏ ਤੇ ਰਾਜ ਸਭਾ ਮੈਂਬਰ ਬਣ ਗਏ। ਭਾਜਪਾ ਨੇ ਉਨ੍ਹਾਂ ਨੂੰ ED ਦਾ ਡਰ ਵਿਖਾਇਆ, ਤਾਂ ਉਨ੍ਹਾਂ ਰਾਜ ਸਭਾ ਛੱਡ ਦਿੱਤੀ ਤੇ ਭਾਜਪਾ ’ਚ ਸ਼ਾਮਲ ਹੋ ਗਏ। ਉਨ੍ਹਾਂ ਦੀ ਆਪਣੀ ਕੋਈ ਵੀ ਭਰੋਸੇਯੋਗਤਾ ਨਹੀਂ।

 





ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਕੁਣਾਲ ਘੋਸ਼ ਨੇ ਕਿਹਾ ਕਿ ਵੱਡੇ ਅਦਾਕਾਰ ਕਈ ਪ੍ਰੋਡਕਸ਼ਨ ਹਾਊਸ ਨਾਲ ਜੁੜੇ ਹੁੰਦੇ ਹਨ। ਮਿਥੁਨ ਚੱਕਰਵਰਤੀ ਵੀ ਬਿਲਕੁਲ ਉਵੇਂ ਹੀ ਇੱਕ ਤੋਂ ਦੂਜੀ ਪਾਰਟੀ ’ਚ ਜਾ ਰਹੇ ਹਨ।

 

ਉੱਧਰ ਸੀਪੀਆਈ ਦੇ ਸੀਨੀਅਰ ਆਗੂ ਸੁਜਨ ਚੱਕਰਵਰਤੀ ਨੇ ਕਿਹਾ ਕਿ ਮਿਥੁਨ ਜਿਹੇ ਦਲ-ਬਦਲੂਆਂ ਉੱਤੇ ਲੋਕ ਕਦੇ ਭਰੋਸਾ ਨਹੀਂ ਕਰਨਗੇ। ਇਸੇ ਲਈ ਮਿਥੁਨ ਚੱਕਰਵਰਤੀ ਦੇ ਭਾਜਪਾ ’ਚ ਸ਼ਾਮਲ ਹੋਣ ਨਾਲ ਚੋਣ ਨਤੀਜਿਆਂ ਉੱਤੇ ਕੋਈ ਫ਼ਰਕ ਨਹੀਂ ਪਵੇਗਾ।