ਨਾਰਕੋਟਿਕਸ ਕੰਟਰੋਲ ਬਿਊਰੋ (NCB), ਭਾਰਤੀ ਜਲ ਸੈਨਾ ਤੇ ਗੁਜਰਾਤ ਪੁਲਿਸ ਦੀ ਏ.ਟੀ.ਐੱਸ ਦੇ ਸਾਂਝੇ ਆਪ੍ਰੇਸ਼ਨ 'ਚ ਭਾਰਤੀ ਸਮੁੰਦਰੀ ਸਰਹੱਦ 'ਤੇ ਕਰੀਬ 700 ਕਿਲੋ ਮੈਥ ਡਰੱਗ ਦੀ ਖੇਪ ਫੜੀ ਗਈ ਹੈ। ਇਸ ਕਾਰਵਾਈ ਦੌਰਾਨ 8 ਵਿਦੇਸ਼ੀ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ, ਜੋ ਆਪਣੇ ਆਪ ਨੂੰ ਈਰਾਨੀ ਦੱਸ ਰਹੇ ਹਨ। ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਕਰੀਬ 2000 ਕਰੋੜ ਰੁਪਏ ਹੈ।
ਪਿਛਲੇ ਕਈ ਦਿਨਾਂ ਤੋਂ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਸਾਗਰ ਮੰਥਨ ਦੇ ਨਾਂਅ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਇਹ ਆਪ੍ਰੇਸ਼ਨ ਖਾਸ ਤੌਰ 'ਤੇ ਭਾਰਤ 'ਚ ਹੋ ਰਹੀ ਡਰੱਗ ਤਸਕਰੀ ਲਈ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨਾਰਕੋਟਿਕਸ ਟੀਮ ਨੇ ਆਪਰੇਸ਼ਨ ਸਾਗਰ ਮੰਥਨ 'ਚ ਕਈ ਕਿੱਲੋ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਨਾਰਕੋਟਿਕਸ ਕੰਟਰੋਲ ਬਿਊਰੋ ਅਨੁਸਾਰ ਇਸ ਆਪ੍ਰੇਸ਼ਨ ਦਾ ਮਕਸਦ ਸਮੁੰਦਰੀ ਰਸਤੇ ਰਾਹੀਂ ਨਸ਼ਿਆਂ ਦੀ ਤਸਕਰੀ ਨੂੰ ਰੋਕਣਾ ਹੈ।
NCB ਦੇ ਅਨੁਸਾਰ, ਇੱਕ ਠੋਸ ਸੂਚਨਾ ਮਿਲੀ ਸੀ ਕਿ ਇੱਕ ਗ਼ੈਰ-ਰਜਿਸਟਰਡ ਜਹਾਜ਼, ਜਿਸ ਵਿੱਚ AIS (ਆਟੋਮੈਟਿਕ ਆਈਡੈਂਟੀਫਿਕੇਸ਼ਨ ਸਿਸਟਮ) ਵੀ ਨਹੀਂ ਸੀ। ਉਹ ਭਾਰਤੀ ਖੇਤਰੀ ਪਾਣੀਆਂ ਵਿੱਚ ਨਸ਼ੀਲੇ ਪਦਾਰਥ ਲਿਆਉਣ ਜਾ ਰਿਹਾ ਹੈ। ਇਸ ਇਨਪੁਟ ਦੇ ਆਧਾਰ 'ਤੇ "ਸਾਗਰ-ਮੰਥਨ-4" ਨਾਮ ਦਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਭਾਰਤੀ ਜਲ ਸੈਨਾ ਨੇ ਆਪਣੇ ਸਮੁੰਦਰੀ ਖੋਜ ਅਭਿਆਨ ਰਾਹੀਂ ਇਸ ਜਹਾਜ਼ ਨੂੰ ਫੜਿਆ ਹੈ।
ਇਹ ਆਪਰੇਸ਼ਨ 15 ਨਵੰਬਰ 2024 ਨੂੰ ਕੀਤਾ ਗਿਆ ਸੀ। ਇਸ ਆਪ੍ਰੇਸ਼ਨ ਵਿੱਚ ਵਿਦੇਸ਼ਾਂ ਦੀਆਂ ਨਾਰਕੋਟਿਕ ਏਜੰਸੀਆਂ ਤੋਂ ਵੀ ਮਦਦ ਲਈ ਜਾ ਰਹੀ ਹੈ ਤਾਂ ਜੋ ਇਸ ਡਰੱਗ ਸਿੰਡੀਕੇਟ ਦੇ ਪਿੱਛੇ-ਪਿੱਛੇ ਸਬੰਧਾਂ ਦਾ ਪਤਾ ਲਗਾਇਆ ਜਾ ਸਕੇ।
ਇਸ ਸਾਲ ਦੇ ਸ਼ੁਰੂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਪਰੇਸ਼ਨ "ਸਾਗਰ-ਮੰਥਨ" ਸ਼ੁਰੂ ਕੀਤਾ ਗਿਆ ਸੀ। ਇਸ ਦੇ ਤਹਿਤ ਭਾਰਤੀ ਜਲ ਸੈਨਾ, ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਪੁਲਿਸ ਦੇ ਏ.ਟੀ.ਐਸ ਦੇ ਸਹਿਯੋਗ ਨਾਲ ਕਈ ਸਮੁੰਦਰੀ ਖੋਜ ਅਭਿਆਨ ਚਲਾਏ ਗਏ ਹਨ। ਇਸ ਕਾਰਵਾਈ ਵਿੱਚ ਹੁਣ ਤੱਕ ਕਰੀਬ 3400 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਜਾ ਚੁੱਕਾ ਹੈ ਅਤੇ 11 ਈਰਾਨੀ ਅਤੇ 14 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।