ਨਵੀਂ ਦਿੱਲੀ: ਕੌਮੀ ਮਹਿਲਾ ਕਮਿਸ਼ਨ (NCW) ਨੇ ਜੰਮੂ-ਕਸ਼ਮੀਰ ਦੀਆਂ ਲੜਕੀਆਂ 'ਤੇ ਕੀਤੀਆਂ ਟਿੱਪਣੀਆਂ' ਤੇ ਸਖ਼ਤ ਰੁਖ ਅਪਣਾਇਆ ਹੈ। ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਬੀਜੇਪੀ ਵਿਧਾਇਕ ਵਿਕਰਮ ਸਿੰਘ ਸੈਣੀ ਤੋਂ ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਲਈ ਜਵਾਬ ਮੰਗਣਗੇ। ਦੱਸ ਦੇਈਏ ਵਿਧਾਇਕ ਸੈਣੀ ਨੇ ਕਥਿਤ ਤੌਰ 'ਤੇ ਕਿਹਾ ਸੀ ਕਿ ਪਾਰਟੀ ਵਰਕਰ ਹੁਣ ਜੰਮੂ-ਕਸ਼ਮੀਰ ਜਾ ਸਕਣਗੇ ਤੇ ਉਥੇ ‘ਗੋਰੀਆਂ’ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਵਾ ਸਕਣਗੇ।


ਕਮਿਸ਼ਨ ਦੀ ਚੇਅਰਮੈਨ ਰੇਖਾ ਸ਼ਰਮਾ ਨੇ ਕਿਸੇ ਦਾ ਨਾਂ ਲਏ ਬਗੈਰ ਟਵੀਟ ਵਿੱਚ ਕਿਹਾ, 'ਉਨ੍ਹਾਂ ਦੀ ਕਲਪਨਾ ਸਿਰਫ ਮਹਿਲਾਵਾਂ, ਉਨ੍ਹਾਂ ਦੇ ਰੰਗ ਤਕ ਹੀ ਸੀਮਤ ਕਿਉਂ ਹੈ? ਕਿਵੇਂ ਉਹ ਆਪਣਾ ਵੱਡਾ ਮੂੰਹ ਖੋਲ੍ਹਦੇ ਹਨ ਤੇ ਮਹਿਲਾਵਾਂ ਲਈ ਅਜਿਹੀਆਂ ਬੇਵਕੂਫ਼ ਟਿੱਪਣੀਆਂ ਕਰਦੇ ਹਨ? ਲੋਕ ਉਨ੍ਹਾਂ ਨੂੰ ਸੱਤਾ ਵਿੱਚ ਕਿਉਂ ਚੁਣਦੇ ਹਨ? ਮੈਂ ਨਿਸ਼ਚਤ ਤੌਰ 'ਤੇ ਉਨ੍ਹਾਂ ਤੋਂ ਜਵਾਬ ਮੰਗਾਂਗੀ?'


ਇਸ ਤੋਂ ਬਾਅਦ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਸਪਸ਼ਟ ਕੀਤਾ ਕਿ ਇਹ ਮੁਜ਼ੱਫਰਨਗਰ ਦੇ ਖਟੌਲੀ ਤੋਂ ਵਿਧਾਇਕ ਵਿਕਰਮ ਸਿੰਘ ਸੈਣੀ ਦੇ ਬਿਆਨ ਲਈ ਸੀ। ਉੱਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਸ਼ਮੀਰੀ ਦੁਲਹਨਾਂ ਬਾਰੇ ਟਿੱਪਣੀ ਬਾਰੇ ਵੀ ਕਮਿਸ਼ਨ ਮੁਖੀ ਨੇ ਕਿਹਾ ਕਿ ਉਨ੍ਹਾਂ ਖੱਟਰ ਦੇ ਭਾਸ਼ਣ ਦੀ ਵੀ ਪੂਰੀ ਵੀਡੀਓ ਵੇਖੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਿਆਨ ਅਜਿਹਾ ਨਹੀਂ ਜੋ ਮੀਡੀਆ ਦਿਖਾ ਰਿਹਾ ਹੈ।