ਭਾਰਤੀ ਜਨਤਾ ਪਾਰਟੀ (BJP) ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਰਾਸ਼ਟਰੀ ਜਮਹੂਰੀ ਗਠਜੋੜ (NDA) ਸੰਸਦੀ ਦਲ ਦੀ ਬੈਠਕ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਭਾਰਤ ਦੇ ਸੰਵਿਧਾਨ ਨੂੰ ਆਪਣੇ ਮੱਥੇ 'ਤੇ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਐਨਡੀਏ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ।  ਇਸ ਤੋਂ ਬਾਅਦ ਐਨਡੀਏ ਆਗੂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੇ ਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਇਸ ਤੋਂ ਬਾਅਦ ਐਤਵਾਰ ਨੂੰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ।






ਰਾਜਨਾਥ ਸਿੰਘ ਨੇ ਪੇਸ਼ ਕੀਤਾ ਪ੍ਰਸਤਾਵ 


ਸੰਸਦ ਭਵਨ ਦੀ ਪੁਰਾਣੀ ਇਮਾਰਤ ਵਿੱਚ ਸਥਿਤ ਸੰਵਿਧਾਨਕ ਹਾਲ ਵਿੱਚ ਐਨਡੀਏ ਦੀ ਮੀਟਿੰਗ ਦੀ ਰਸਮੀ ਸ਼ੁਰੂਆਤ ਤੋਂ ਬਾਅਦ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਆਗੂ ਚੁਣਨ ਦੀ ਤਜਵੀਜ਼ ਰੱਖੀ, ਜਿਸ ਨੂੰ ਸਾਰੇ ਸਹਿਯੋਗੀਆਂ ਨੇ ਮਨਜ਼ੂਰ ਕਰ ਲਿਆ। ਮਨਜ਼ੂਰੀ ਤੋਂ ਬਾਅਦ ਸਾਰੇ ਨੇਤਾਵਾਂ ਨੇ ਆਵਾਜ਼ੀ ਵੋਟ ਰਾਹੀਂ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ।


ਇਨ੍ਹਾਂ ਲੀਡਰਾਂ ਨੇ ਦਿੱਤੀ ਮਨਜ਼ੂਰੀ 


ਰਾਜਨਾਥ ਸਿੰਘ ਦੇ ਪ੍ਰਸਤਾਵ ਨੂੰ ਪਹਿਲਾਂ ਅਮਿਤ ਸ਼ਾਹ, ਫਿਰ ਨਿਤਿਨ ਗਡਕਰੀ ਅਤੇ ਫਿਰ ਐਨਡੀਏ ਦੇ ਹੋਰ ਸਹਿਯੋਗੀਆਂ ਦੇ ਨੇਤਾਵਾਂ ਨੇ ਸਮਰਥਨ ਦਿੱਤਾ। ਸਮਰਥਨ ਦੇਣ ਵਾਲੇ ਪ੍ਰਮੁੱਖ ਐਨਡੀਏ ਨੇਤਾਵਾਂ ਵਿੱਚ ਪਹਿਲਾ ਨਾਮ ਜਨਤਾ ਦਲ (ਸੈਕੂਲਰ) ਦੇ ਐਚਡੀ ਕੁਮਾਰਸਵਾਮੀ ਦਾ ਸੀ। ਇਸ ਤੋਂ ਬਾਅਦ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਨੇਤਾ ਐਨ ਚੰਦਰਬਾਬੂ ਨਾਇਡੂ ਅਤੇ ਫਿਰ ਜਨਤਾ ਦਲ (ਯੂਨਾਈਟਿਡ) ਦੇ ਨਿਤੀਸ਼ ਕੁਮਾਰ ਨੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ ਸਮੇਤ ਐਨਡੀਏ ਦੇ ਹੋਰ ਹਲਕਿਆਂ ਦੇ ਨੇਤਾਵਾਂ ਨੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਚਿਰਾਗ ਪਾਸਵਾਨ, ਹਿੰਦੁਸਤਾਨ ਅਵਾਮ ਮੋਰਚਾ (ਸੈਕੂਲਰ) ਦੇ ਜੀਤਨ ਰਾਮ ਮਾਂਝੀ, ਅਪਨਾ ਦਲ (ਸੋਨੇਲਾਲ) ਦੀ ਅਨੁਪ੍ਰਿਆ ਪਟੇਲ ਅਤੇ ਜਨ ਸੈਨਾ ਪਾਰਟੀ ਦੇ ਪਵਨ ਕਲਿਆਣ ਸਮੇਤ ਹੋਰ ਨੇਤਾਵਾਂ ਨੇ ਵੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ।


ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ  ਚੁੱਕਣਗੇ ਸਹੁੰ


ਇਸ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾ ਪ੍ਰਹਿਲਾਦ ਜੋਸ਼ੀ ਨੇ ਐਨਡੀਏ ਸੰਸਦੀ ਦਲ ਦੀ ਬੈਠਕ 'ਚ ਕਿਹਾ ਕਿ ਨਰਿੰਦਰ ਮੋਦੀ ਐਤਵਾਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਜੋਸ਼ੀ ਨੇ ਮੋਦੀ ਨੂੰ ਆਪਣਾ ਆਗੂ ਚੁਣਨ ਲਈ ਇੱਥੇ ਪੁਰਾਣੇ ਸੰਸਦ ਭਵਨ ਦੇ ਸੈਂਟਰਲ ਹਾਲ ਵਿੱਚ ਇਕੱਠੇ ਹੋਏ ਐਨਡੀਏ ਆਗੂਆਂ ਨੂੰ ਦੱਸਿਆ ਕਿ ਸਹੁੰ ਚੁੱਕ ਸਮਾਗਮ 9 ਜੂਨ ਨੂੰ ਸ਼ਾਮ 6 ਵਜੇ ਹੋਵੇਗਾ। ਮੀਟਿੰਗ ਵਿੱਚ ਐਨਡੀਏ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਅਤੇ ਗਠਜੋੜ ਦੇ ਸੀਨੀਅਰ ਆਗੂ ਹਾਜ਼ਰ ਸਨ।