ਪ੍ਰਯਾਗਰਾਜ (ਯੂਪੀ):  ਇਥੋਂ ਦੇ ਨਿੱਜੀ ਹਸਪਤਾਲ ਨੇ ਡੇਂਗੂ ਦੇ ਮਰੀਜ਼ ਨੂੰ ਬਲੱਡ ਪਲੇਟਲੈੱਟਸ ਦੀ ਬਜਾਏ ਫਲਾਂ ਦਾ ਜੂਸ ਕਥਿਤ ਤੌਰ 'ਤੇ ਚੜ੍ਹਾ ਦਿੱਤਾ, ਜਿਸ ਤੋਂ ਬਾਅਦ ਮਰੀਜ਼ ਦੀ ਮੌਤ ਹੋ ਗਈ। ਮਾਮਲੇ ਦਾ ਪਤਾ ਲੱਗਣ ’ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ ਹੈ। ਕਥਿਤ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਅਤੇ ਉੱਤਰ ਪ੍ਰਦੇਸ਼ (UP) ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਦੇ ਹੁਕਮ 'ਤੇ ਹਸਪਤਾਲ ਨੂੰ ਸੀਲ ਕਰ ਦਿੱਤਾ ਗਿਆ। ਹਾਲੇ ਤੱਕ ਪੁਲਿਸ ਕੋਲ ਕਿਸੇ ਨੇ ਕੋਈ ਕੇਸ ਦਰਜ ਨਹੀਂ ਕਰਵਾਇਆ ਹੈ। ਪ੍ਰਾਈਵੇਟ ਹਸਪਤਾਲ ਦੇ ਮਾਲਕ ਨੇ ਦਾਅਵਾ ਕੀਤਾ ਕਿ ਪਲੇਟਲੈੱਟਸ ਕਿਸੇ ਹੋਰ ਸਹਿਤ ਸੰਸਥਾ ਤੋਂ ਲਿਆਂਦੇ ਗਏ ਸਨ।


ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਹਸਪਤਾਲ ਨੂੰ ਕੀਤਾ ਸੀਲ 


ਮੁਢਲੀ ਜਾਂਚ ਵਿਚ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਹਸਪਤਾਲ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਹੈ। ਸੀਐਮਓ ਡਾ. ਨਾਨਕ ਸਰਨ ਦੇ ਹੁਕਮ ਉੱਤੇ ਡਾਕਟਰ ਏਕੇ ਤਿਵਾੜੀ ਦੀ ਟੀਮ ਨੇ ਹਸਪਤਾਲ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਹੈ। ਸੂਬੇ ਦੇ ਸਿਹਤ ਮੰਤਰੀ ਅਤੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਵੀ ਇਸ ਮਾਮਲੇ ਵਿੱਚ ਟਵੀਟ ਕੀਤਾ ਹੈ। ਆਈਜੀ ਰੇਂਜ ਪ੍ਰਯਾਗਰਾਜ ਡਾ. ਰਾਕੇਸ਼ ਕੁਮਾਰ ਸਿੰਘ ਨੇ ਵੀ ਕਾਰਵਾਈ ਕਰਨ ਦੀ ਗੱਲ ਕਹੀ ਹੈ।


 






 


17 ਅਕਤੂਬਰ ਨੂੰ ਮਰੀਜ਼ ਨੂੰ ਕਰਵਾਇਆ ਸੀ ਹਸਪਤਾਲ 'ਚ ਦਾਖਲ


ਦੱਸ ਦਈਏ ਕਿ ਡੇਂਗੂ ਪੀੜਤ ਪ੍ਰਦੀਪ ਪਾਂਡੇ ਨਾਂ ਦੇ ਮਰੀਜ਼ ਨੂੰ 17 ਅਕਤੂਬਰ ਨੂੰ ਝਲਵਾ ਦੇ ਗਲੋਬਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ ਅੱਠ ਯੂਨਿਟ ਪਲੇਟਲੈਟ ਚੜ੍ਹਾਉਣ ਦੀ ਸਲਾਹ ਦਿੱਤੀ ਸੀ। ਮਰੀਜ਼ ਨੂੰ ਪਲੇਟਲੈਟਸ ਦੇ ਤਿੰਨ ਯੂਨਿਟ ਵੀ ਦਿੱਤੇ ਗਏ। ਬਾਅਦ ਵਿੱਚ ਜਦੋਂ ਹਸਪਤਾਲ ਵੱਲੋਂ ਪਲੇਟਲੈੱਟਸ ਦੇ ਪੰਜ ਹੋਰ ਯੂਨਿਟ ਮੰਗਵਾਏ ਗਏ ਤਾਂ ਮਰੀਜ਼ ਦੇ ਰਿਸ਼ਤੇਦਾਰ ਏਜੰਟ ਰਾਹੀਂ ਪਲੇਟਲੈਟ ਲੈ ਕੇ ਆਏ।


ਮਰੀਜ਼ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਪਲੇਟਲੈਟਸ ਚੜ੍ਹਾਉਣ ਤੋਂ ਬਾਅਦ ਹੀ ਮਰੀਜ਼ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 19 ਅਕਤੂਬਰ ਨੂੰ ਮਰੀਜ਼ ਦੀ ਮੌਤ ਹੋ ਗਈ। ਸ਼ਿਕਾਇਤ ਉਤੇ ਸੀਐਮਓ ਨੇ ਤੇਜ ਬਹਾਦਰ ਸਪਰੂ ਬੇਲੀ ਹਸਪਤਾਲ ਦੇ ਬਲੱਡ ਬੈਂਕ ਦੇ ਡਾਕਟਰਾਂ ਦੀ 3 ਮੈਂਬਰੀ ਟੀਮ ਬਣਾ ਕੇ ਪੂਰੇ ਮਾਮਲੇ ਦੀ ਜਾਂਚ ਕਰਵਾਈ। ਦੱਸਣਯੋਗ ਹੈ ਕਿ ਸੀਐਮਓ ਡਾਕਟਰ ਨਾਨਕ ਸਰਨ ਅਨੁਸਾਰ ਮੁੱਢਲੀ ਜਾਂਚ ਵਿੱਚ ਹਸਪਤਾਲ ਦੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਝਲਵਾ ਸਥਿਤ ਗਲੋਬਲ ਹਸਪਤਾਲ ਦਾ ਲਾਇਸੈਂਸ ਰੱਦ ਕਰਕੇ ਸੀਲ ਕਰਨ ਦੀ ਕਾਰਵਾਈ ਕੀਤੀ ਗਈ ਹੈ।