Shah, Rajnath and Tomar appeal to farmers: ਮੋਦੀ ਸਰਕਾਰ ਨੇ ਖੇਤੀ ਕਾਨੂੰਨ ਸਹੀ ਸਾਬਤ ਕਰਨ ਲਈ ਲਾਇਆ ਪੂਰਾ ਟਿੱਲ, ਅਮਿਤ ਸ਼ਾਹ, ਰਾਜਨਾਥ ਤੇ ਤੋਮਰ ਨੇ ਕੀਤੇ ਇਹ ਦਾਅਵੇ
ਏਬੀਪੀ ਸਾਂਝਾ | 25 Dec 2020 03:31 PM (IST)
ਨਵੇਂ ਖੇਤੀਬਾੜੀ ਕਾਨੂੰਨਾਂ ਬਾਰੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਤਹਿਤ 9 ਕਰੋੜ ਕਿਸਾਨਾਂ ਦੇ ਖਾਤਿਆਂ ਵਿੱਚ 18,000 ਕਰੋੜ ਰੁਪਏ ਟ੍ਰਾਂਸਫਰ ਕੀਤੇ।
ਨਵੀਂ ਦਿੱਲੀ: ਕਿਸਾਨ ਸਨਮਾਨ ਨਿਧੀ ਯੋਜਨਾ ਪ੍ਰੋਗਰਾਮ ਦੌਰਾਨ ਕੇਂਦਰ ਸਰਕਾਰ ਦੇ ਮੰਤਰੀ ਵੱਖ-ਵੱਖ ਥਾਂਵਾਂ ਤੋਂ ਕਿਸਾਨਾਂ ਨਾਲ ਜੁੜੇ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਮਹਿਰੌਲੀ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਕਿਸਾਨ ਜਥੇਬੰਦੀਆਂ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਐਮਐਸਪੀ ‘ਤੇ ਵਿਰੋਧੀ ਧਿਰ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਹਾਲਾਂਕਿ ਇਹ ਪ੍ਰਣਾਲੀ ਕਦੇ ਖ਼ਤਮ ਨਹੀਂ ਹੋਵੇਗੀ। ਕੇਂਦਰੀ ਮੰਤਰੀ ਰਾਜਨਾਥ ਸਿੰਘ ਤੇ ਨਰਿੰਦਰ ਸਿੰਘ ਤੋਮਰ ਨੇ ਵੀ ਐਮਐਸਪੀ ਬਾਰੇ ਕਿਸਾਨਾਂ ਦੀ ਉਲਝਣ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਅਮਿਤ ਸ਼ਾਹ ਨੇ ਕਿਹਾ, ‘ਜਦੋਂ ਨਰਿੰਦਰ ਭਾਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਲੈ ਕੇ ਆਏ ਤਾਂ ਰਾਹੁਲ ਬਾਬਾ ਸਮੇਤ ਵਿਰੋਧੀ ਧਿਰ ਦੇ ਸਾਰੇ ਆਗੂ ਕਹਿੰਦੇ ਸਨ ਕਿ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਦਿਓ। ਕਾਂਗਰਸ ਸਰਕਾਰ ਨੇ 10 ਸਾਲਾਂ ਵਿੱਚ 60,000 ਕਰੋੜ ਦਾ ਕਰਜ਼ਾ ਮੁਆਫ ਕੀਤਾ। ਨਰਿੰਦਰ ਮੋਦੀ ਨੇ ਸਿਰਫ ਢਾਈ ਸਾਲਾਂ ਵਿੱਚ 95,000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾ ਦਿੱਤੇ।" ਉਨ੍ਹਾਂ ਅੱਗੇ ਕਿਹਾ, ‘ਇਹ ਤਿੰਨੇ ਕਾਨੂੰਨ ਕਿਸਾਨਾਂ ਦੇ ਹਿੱਤ ਵਿੱਚ ਹਨ। ਕੋਈ ਐਮਐਸਪੀ ਸਿਸਟਮ ਨੂੰ ਨਹੀਂ ਹਟਾ ਸਕਦਾ ਤੇ ਨਾ ਹੀ ਉਨ੍ਹਾਂ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਸਕਦਾ ਹੈ। ਸਰਕਾਰ ਕਿਸਾਨ ਜਥੇਬੰਦੀਆਂ ਨਾਲ ਖੁੱਲ੍ਹੇ ਦਿਲ ਨਾਲ ਗੱਲਬਾਤ ਕਰਨ ਲਈ ਤਿਆਰ ਹੈ।" ਰਾਜਨਾਥ ਨੇ ਐਮਐਸਪੀ ਬਾਰੇ ਭੰਬਲਭੂਸੇ ਨੂੰ ਦੂਰ ਕਰਨ ਦੀ ਕੀਤੀ ਕੋਸ਼ਿਸ਼ ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ ਇੱਕ ਰੈਲੀ ਕੀਤੀ। ਇਸ ਰੈਲੀ ਦੌਰਾਨ ਰਾਜਨਾਥ ਸਿੰਘ ਨੇ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਕਿਸਾਨ ਧਰਨੇ ‘ਤੇ ਬੈਠੇ ਹਨ, ਉਹ ਕਿਸਾਨ ਪਰਿਵਾਰਾਂ ਚੋਂ ਪੈਦਾ ਹੋਏ ਹਨ। ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਅਸੀਂ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਵੀ ਕੀਤੀ। ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਸਾਲ ਲਈ ਖੇਤੀਬਾੜੀ ਕਾਨੂੰਨ ਲਾਗੂ ਹੋਣ ਦਿਓ, ਜੇਕਰ ਇਹ ਕਿਸਾਨਾਂ ਲਈ ਲਾਭਕਾਰੀ ਸਿੱਧ ਨਹੀਂ ਹੁੰਦੇ ਤਾਂ ਅਸੀਂ ਲੋੜੀਂਦੀਆਂ ਸੋਧਾਂ ਕਰਨ ਲਈ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਮੈਂ ਵਿਰੋਧ ਕਰ ਰਹੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਖੇਤੀਬਾੜੀ ਕਾਨੂੰਨਾਂ ਬਾਰੇ ਵਿਚਾਰ ਵਟਾਂਦਰੇ ਲਈ ਅੱਗੇ ਆਉਣ। ਜਾਣੋ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੀ ਕਿਹਾ? ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਵੀ ਕਿਸਾਨਾਂ ਨੂੰ ਭੰਬਲਭੂਸਾ 'ਚ ਪਏ ਹੋਏ ਦੱਸਦਿਆਂ ਕਿਹਾ, “ਪੰਜਾਬ ਸਮੇਤ ਕੁਝ ਕਿਸਾਨ ਤੇ ਭੈਣ-ਭਰਾ ਨਵੇਂ ਕਾਨੂੰਨਾਂ ਬਾਰੇ ਭੰਬਲਭੂਸੇ ਵਿੱਚ ਪਏ ਹੋਏ ਹਨ। ਮੈਂ ਉਨ੍ਹਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਅੰਦੋਲਨ ਨੂੰ ਤਿਆਗ ਦੇਣ ਅਤੇ ਗੱਲਬਾਤ ਲਈ ਸਰਕਾਰ ਦੇ ਸੱਦੇ 'ਤੇ ਆਉਣ। ਮੈਨੂੰ ਉਮੀਦ ਹੈ ਕਿ ਕਿਸਾਨ ਨਵੇਂ ਕਾਨੂੰਨ ਦੀ ਯੋਗਤਾ ਤੇ ਮਹੱਤਵ ਨੂੰ ਸਮਝਣਗੇ ਤੇ ਅਸੀਂ ਇੱਕ ਹੱਲ ਵੱਲ ਵਧਾਂਗੇ।" ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904