ਨਵੀਂ ਦਿੱਲੀ: ਦੇਸ਼ ਭਰ 'ਚ ਕੋਰੋਨਾਵਾਇਰਸ ਦੇ ਵਧ ਰਹੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕੋਰੋਨਾ 'ਤੇ ਕਾਬੂ ਪਾਉਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਹ ਨਵੀਆਂ ਗਾਈਡਲਾਈਨਜ਼ ਅੱਜ ਤੋਂ ਦੇਸ਼ ਭਰ 'ਚ ਲਾਗੂ ਹੋ ਗਈਆਂ ਹਨ ਤੇ 31 ਦਸੰਬਰ ਤਕ ਜਾਰੀ ਰਹਿਣਗੀਆਂ।

ਗ੍ਰਹਿ ਮੰਤਰਾਲੇ ਵਲੋਂ ਜਾਰੀ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਸੂਚੀ ਇਹ ਹੈ ਜੋ 1 ਦਸੰਬਰ ਤੋਂ ਲਾਗੂ ਹੁੰਦੀ ਹੈ:

-ਕੇਂਦਰ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਥਿਤੀ ਦੇ ਮੁਲਾਂਕਣ ਦੇ ਅਧਾਰ ਤੇ ਸਥਾਨਕ ਪਾਬੰਦੀਆਂ ਜਿਵੇਂ ਨਾਈਟ ਕਰਫਿਊ ਲਾਉਣ ਦੀ ਆਗਿਆ ਦਿੱਤੀ ਹੈ। ਹਾਲਾਂਕਿ, ਉਹ ਕੇਂਦਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਕੋਈ ਸਥਾਨਕ ਲੌਕਡਾਊਨ ਨਹੀਂ ਲਾ ਸਕਦੇ।

-ਗ੍ਰਹਿ ਮੰਤਰਾਲੇ ਨੇ ਇਹ ਵੀ ਕਿਹਾ ਕਿ ਰਾਜ ਸਰਕਾਰਾਂ ਦਫਤਰੀ ਸਮੇਂ ਤੇ ਹੋਰ ਢੁਕਵੇਂ ਉਪਾਵਾਂ ਨੂੰ ਸ਼ਹਿਰਾਂ ਵਿਚ ਲਾਗੂ ਕਰਨ ਬਾਰੇ ਵਿਚਾਰ ਕਰ ਸਕਦੀਆਂ ਹਨ ਜਿੱਥੇ ਹਫਤਾਵਾਰੀ ਕੇਸਾਂ ਦੀ ਪੌਜ਼ੇਟਿਵ ਦਰ 10 ਪ੍ਰਤੀਸ਼ਤ ਤੋਂ ਵੱਧ ਹੈ ਤਾਂ ਜੋ ਇੱਕੋ ਸਮੇਂ ਦਫਤਰਾਂ ਵਿੱਚ ਆਉਣ ਵਾਲੇ ਕਰਮਚਾਰੀਆਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।

-ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਜ਼ਿਲ੍ਹਾ, ਪੁਲਿਸ ਤੇ ਮਿਉਂਸਪਲ ਅਧਿਕਾਰੀ ਇਹ ਨਿਸ਼ਚਤ ਕਰਨ ਲਈ ਜ਼ਿੰਮੇਵਾਰ ਹੋਣਗੇ ਕਿ ਨਿਰਧਾਰਤ ਨਿਯੰਤਰਣ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।

-ਕੇਂਦਰ ਨੇ ਸੂਬਾ ਸਰਕਾਰਾਂ ਨੂੰ ਮੁਢਲੇ ਕੋਵਿਡ ਸੁਰੱਖਿਆ ਉਪਾਵਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖ਼ਿਲਾਫ਼ ਪ੍ਰਸ਼ਾਸਕੀ ਕਾਰਵਾਈ ਕਰਨ ਦੀ ਆਜ਼ਾਦੀ ਵੀ ਦਿੱਤੀ ਹੈ ਜਿਸ ਵਿੱਚ ਮਾਸਕ ਨਾ ਪਾਉਣ ਤੇ ਕੋਵਿਡ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਜੁਰਮਾਨਾ ਲਾਉਣ ਸ਼ਾਮਲ ਹੈ।