ਨਵੀਂ ਦਿੱਲੀ: ਲੋਕ ਸਭਾ ਚੋਣਾਂ ਬਾਰੇ ਨਵੇਂ ਸਰਵੇਖਣ ਦੇ ਅੰਕੜੇ ਸਾਹਮਣੇ ਆਏ ਹਨ। ਇਸ ਮੁਤਾਬਕ ਜੇਕਰ ਹੁਣ ਲੋਕ ਸਭਾ ਚੋਣਾਂ ਕਰਵਾਈਆਂ ਜਾਂਦੀਆਂ ਹਨ ਤਾਂ ਐਨਡੀਏ ਨੂੰ ਬਹੁਮਤ ਨਹੀਂ ਮਿਲੇਗਾ। ਇੰਡੀਆ ਟੀਵੀ ਤੇ ਸੀਐਨਐਕਸ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਐਨਡੀਏ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ 257 ਸੀਟਾਂ ਹੀ ਜਿੱਤ ਸਕੇਗਾ। ਬਹੁਮਤ ਲਈ 272 ਸੀਟਾਂ ਹਾਸਲ ਕਰਨੀਆਂ ਲਾਜ਼ਮੀ ਹਨ।


ਸਰਵੇਖਣ ਵਿੱਚ ਯੂਪੀਏ ਦਾ ਹਾਲ ਕੁਝ ਠੀਕ ਦਰਸਾਇਆ ਗਿਆ ਹੈ। ਯੂਪੀਏ 146 ਸੀਟਾਂ ਜਿੱਤ ਸਕਦੀ ਹੈ। ਹਾਲਾਂਕਿ, ਸਰਵੇਖਣ ਵਿੱਚ ਯੂਪੀਏ ਵਿੱਚੋਂ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ ਨੂੰ ਬਾਹਰ ਰੱਖਿਆ ਗਿਆ ਹੈ। ਸਰਵੇਖਣ ਵਿੱਚ ਹੋਰ ਸਿਆਸੀ ਪਾਰਟੀਆਂ 140 ਸੀਟਾਂ ਜਿੱਤਦੀਆਂ ਦਿਖਾਈ ਦੇ ਰਹੀਆਂ ਹਨ। ਤਾਜ਼ਾ ਸਰਵੇਖਣਾਂ ਤੋਂ ਸਾਫ ਹੈ ਕਿ ਇਸ ਵਾਰ ਕਿਸੇ ਗਠਜੋੜ ਨੂੰ ਸਪੱਸ਼ਟ ਬਹੁਮਤ ਨਹੀਂ ਮਿਲੇਗਾ ਅਤੇ ਸਰਕਾਰ ਬਣਾਉਣ ਵਿੱਚ ਹੋਰ ਪਾਰਟੀਆਂ ਅਹਿਮ ਯੋਗਦਾਨ ਨਿਭਾਉਣਗੀਆਂ।

ਜ਼ਿਕਰਯੋਗ ਹੈ ਕਿ ਇਸ ਸਮੇਂ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਯਾਨੀ ਕਿ ਐਨਡੀਏ ਵਿੱਚ ਬੀਜੇਪੀ, ਸ਼ਿਵਸੇਨਾ, ਸ਼੍ਰੋਮਣੀ ਅਕਾਲੀ ਦਲ, ਜਦਯੂ, ਮਿਜ਼ੋ ਨੈਸ਼ਨਲ ਫਰੰਟ, ਅਪਨਾ ਦਲ, ਸਿੱਕਿਮ ਡੈਮੋਕ੍ਰੈਟਿਕ ਫਰੰਟ, ਲੋਜਪਾ, ਐਨਪੀਪੀ, ਆਈਐਨਆਰਸੀ, ਪੀਐਮਕੇ ਤੇ ਐਨਜੀਪੀਪੀ ਸ਼ਾਮਲ ਹਨ। ਉੱਧਰ, ਯੂਪੀਏ ਵਿੱਚ ਕਾਂਗਰਸ, ਰਾਸਟਰੀ ਜਨਤਾ ਦਲ, ਡੀਐਮਕੇ, ਟੀਡੀਪੀ, ਐਨਸੀਪੀ, ਜੇਡੀਐਸ, ਆਰਐਲਡੀ, ਨੈਸ਼ਨਲ ਕਾਨਫ਼ਰੰਸ, ਜੇਐਮਐਮ, ਆਈਯੂਐਮਐਲ, ਕੇਰਲ ਕਾਂਗਰਸ (ਮੈਨੀ) ਤੇ ਆਰਐਨਐਸਪੀ ਹਨ। ਜੇਕਰ, ਸਪਾ ਤੇ ਬਸਪਾ ਯੂਪੀਏ ਵਿੱਚ ਸ਼ਾਮਲ ਹੁੰਦੀਆਂ ਹਨ ਤਾਂ ਇਸ ਦਾ ਪਲੜਾ ਭਾਰੀ ਸਾਬਤ ਹੋਵੇਗਾ।