ਪਰਮਜੀਤ ਸਿੰਘ ਦੀ ਰਿਪੋਰਟ

ਨਵੀਂ ਦਿੱਲੀ: ਦਿੱਲੀ-ਹਰਿਆਣਾ ਨੂੰ ਜੋੜਦਾ ਕੁੰਡਲ਼ੀ ਬਾਰਡਰ ਆਉਣ ਵਾਲ਼ੀਆਂ ਪੀੜੀਆਂ ਲਈ ਇਤਿਹਾਸਕ ਘਟਨਾ ਦਾ ਗਵਾਹ ਹੋਏਗਾ। ਕਦੇ ਇਸ ਨੈਸ਼ਨਲ ਹਾਈਵੇ 'ਤੇ ਹਜ਼ਾਰਾਂ ਵਾਹਨਾਂ ਦੀ ਭੀੜ ਰਹਿੰਦੀ ਸੀ ਪਰ ਹੁਣ ਇੱਥੇ ਧਰਨੇ 'ਚ ਪਹੁੰਚੇ ਕਿਸਾਨਾਂ ਤੇ ਸੜਕ 'ਤੇ ਖੜ੍ਹੇ ਉਨ੍ਹਾਂ ਦੇ ਟਰੈਕਟਰ ਟਰਾਲੀ ਵੇਖ ਕੇ ਇੰਜ ਜਾਪਦਾ ਹੈ ਜਿਵੇਂ ਇੱਥੇ ਪੰਜਾਬੀਆਂ ਨੇ ਇੱਕ ਨਵਾਂ ਨਗਰ ਵਸਾ ਲਿਆ ਹੋਵੇ।



ਦੱਸ ਦਈਏ ਕਿ ਕਿਸਾਨ ਪ੍ਰਦਰਸ਼ਨ ਕਰਕੇ ਇੱਥੇ 10 ਕਿਲੋਮੀਟਰ ਤਕ ਰੋਡ ਦੇ ਦੋਵਾਂ ਪਾਸੇ ਟਰਾਲੀਆਂ ਖੜ੍ਹੀਆਂ ਹਨ ਜਿਨ੍ਹਾਂ 'ਤੇ ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਲਿਖੇ ਹਨ। ਸਿਰਫ ਇਹੀ ਨਹੀਂ ਇਸ ਦੇ ਨਾਲ ਹੀ ਇੱਥੇ ਨੌਜਵਾਨ ਖ਼ੁਦ ਪ੍ਰਸ਼ਾਦਾ ਤਿਆਰ ਕਰ ਰਹੇ ਹਨ। ਪੁਲਿਸ ਵੱਲੋਂ ਬਾਰਡਰ 'ਤੇ ਬੈਰੀਕੇਡਿੰਗ ਕਰਕੇ ਕੇਵਲ ਕਿਸਾਨ ਹਮਾਇਤੀਆਂ ਜਾਂ ਜਿਨ੍ਹਾਂ ਗੱਡੀਆਂ ਅੱਗੇ ਕਿਸਾਨ ਹਿਤੈਸ਼ੀ ਨਾਹਰੇ ਲਿਖੇ ਹਨ, ਉਨ੍ਹਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਇਸ ਰਸਤੇ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ।

ਦੱਸ ਦਈਏ ਕਿ 15 ਦਿਨਾਂ ਤੋਂ ਇੱਥੇ ਬੈਠੇ ਕਿਸਾਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਕਿਸਾਨ ਇੱਥੇ ਆਪਣੇ ਲਈ ਲੰਬੇ ਸਮੇਂ ਦਾ ਰਾਸ਼ਨ ਲੈ ਕੇ ਆਏ ਹਨ। ਸ਼ਾਇਦ ਕਿਸਾਨਾਂ ਨੂੰ ਵੀ ਪਤਾ ਹੈ ਕਿ ਅੜੀਅਲ ਕੇਂਦਰ ਨਾਲ ਉਨ੍ਹਾਂ ਦੀ ਜੰਗ ਲੰਬੀ ਚੱਲੇਗੀ। ਇਸ ਦੇ ਮੱਦੇਨਜ਼ਰ ਬੈਰੀਕੇਡਿੰਗ ਦੇ ਅੰਦਰ ਪ੍ਰਵੇਸ਼ ਹੁੰਦਿਆਂ ਹੀ ਲੰਗਰ ਸ਼ੁਰੂ ਹੋ ਜਾਂਦੇ ਹਨ।



ਬੇਸ਼ਕ ਮੋਰਚੇ 'ਚ ਅਨੇਕਾਂ ਤਰ੍ਹਾਂ ਦੇ ਲੰਗਰ ਲੱਗੇ ਹਨ ਪਰ ਹਰ ਇੱਕ ਟਰਾਲੀ ਵਿੱਚ ਕਿਸਾਨਾਂ ਨੇ ਆਪਣਾ ਚੁੱਲਾਂ ਤਿਆਰ ਕੀਤਾ ਹੋਇਆ ਹੈ ਤੇ ਨੌਜਵਾਨ ਖ਼ੁਦ ਵੀ ਲੰਗਰ ਦੀ ਸੇਵਾ ਕਰ ਰਹੇ ਹਨ। ਕਿਸਾਨਾਂ ਤੇ ਇੱਥੇ ਆਉਣ ਵਾਲੇ ਹਰ ਇੱਕ ਨੂੰ ਲੰਗਰ ਛਕਾਉਦੇ ਹਨ। ਇਸ ਦੇ ਨਾਲ ਹੀ ਕਿਸਾਨਾਂ ਦੇ ਲਈ ਕਈ ਸੰਸਥਾਵਾਂ ਵੱਲੋਂ ਸਾਬਣ, ਤੇਲ, ਬੁਰਸ਼, ਪੇਸਟ ਤੱਕ ਦੇ ਸਟਾਲ ਲਾਏ ਹੋਏ ਹਨ, ਜਿੱਥੇ ਸਾਰੀਆਂ ਸਹੂਲਤਾਂ ਕਿਸਾਨਾਂ ਨੂੰ ਮੁਹੱਈਆ ਕਰਵਾਇਆਂ ਜਾ ਰਹੀਆਂ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904