ਮੁੰਬਈ: ਦੇਸ਼ ਦੇ ਸਭ ਤੋਂ ਵੱਡੀ ਕਾਰੋਬਾਰੀ ਮੁਕੇਸ਼ ਅੰਬਾਨੀ ਦੇ ਪਰਿਵਾਰ ਨੂੰ ਬਾਰੂਦ ਨਾਲ ਉਡਾਉਣ ਦੀ ਧਮਕੀ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ। ਅੱਤਵਾਦੀ ਜਥੇਬੰਦੀ ਜੈਸ਼-ਉਲ-ਹਿੰਦ ਨੇ ਇੱਕ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ ਭਾਰਤ ਦੇ ਪ੍ਰਮੁੱਖ ਉਦਯੋਗਪਤੀ ਮੁਕੇਸ਼ ਅੰਬਾਨੀ ਨੂੰ ਕੋਈ ਧਮਕੀ ਨਹੀਂ ਦਿੱਤੀ ਤੇ ਉਸ ਦਾ ਸਿਰਫ਼ ਨਾਂ ਹੀ ਵਰਤਿਆ ਜਾ ਰਿਹਾ ਹੈ।



ਅੱਤਵਾਦੀ ਸੰਗਠਨ ਦਾ ਕਹਿਣਾ ਹੈ ਕਿ ਮੀਡੀਆ ’ਚ ਜੋ ਚਿੱਠੀ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਈ ਹੈ, ਉਹ ਫ਼ਰਜ਼ੀ ਹੈ ਤੇ ਉਸ ਦੀ ਮੁਕੇਸ਼ ਅੰਬਾਨੀ ਤੇ ਭਾਰਤ ਦੇ ਹੋਰ ਕਿਸੇ ਉਦਯੋਗਪਤੀ ਨਾਲ ਕੋਈ ਲੜਾਈ ਨਹੀਂ। ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਕਾਫ਼ਰਾਂ ਤੋਂ ਕੋਈ ਪੈਸਾ ਨਹੀਂ ਲਵੇਗਾ।

ਚਿੱਠੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਡੀ ਲੜਾਈ ਭਾਜਪਾ ਤੇ ਫ਼ਾਸ਼ੀਵਾਦ ਵਿਰੁੱਧ ਹੈ। ਅਸੀਂ ਹਿੰਦ ਦੇ ਨਿਰਦੋਸ਼ ਮੁਸਲਮਾਨਾਂ ਵਿਰੁੱਧ ਨਰਿੰਦਰ ਮੋਦੀ ਦੇ ਮਾੜੇ ਕਰਮਾਂ ਵਿਰੁੱਧ ਲੜ ਰਹੇ ਹਾਂ। ਅਸੀਂ ਸ਼ਰੀਅਤ ਲਈ ਲੜ ਰਹੇ ਹਾਂ ਨਾ ਕਿ ਪੈਸੇ ਲਈ। ਦੱਸ ਦੇਈਏ ਕਿ ਬੀਤੇ ਦਿਨੀਂ ਮੁਕੇਸ਼ ਅੰਬਾਨੀ ਦੇ ਬੰਗਲੇ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਇੱਕ ਸਕੌਰਪੀਓ ਗੱਡੀ ਖੜ੍ਹੀ ਮਿਲੀ ਸੀ। ਉਸ ਦੀ ਜ਼ਿੰਮੇਵਾਰੀ ਕੱਲ੍ਹ ਐਤਵਾਰ ਨੂੰ ਇਸੇ ਜੈਸ਼-ਉਲ-ਹਿੰਦ ਵੱਲੋਂ ਲੈਣ ਦੀ ਗੱਲ ਆਖੀ ਗਈ ਸੀ।

 

ਮੁਕੇਸ਼ ਅੰਬਾਨੀ ਦੀ ਰਿਹਾਇਸ਼ਗਾਹ ਦੇ ਬਾਹਰ 12 ਘੰਟਿਆਂ ਤੱਕ ਖੜ੍ਹੀ ਰਹੀ ਲਾਵਾਰਸ ਕਾਰ ’ਚੋਂ ਜਿਲੇਟਿਨ ਦੀਆਂ ਛੜਾਂ ਮਿਲੀਆਂ ਸਨ, ਜੋ ਉਸ ਕਾਰ ਦੇ ਪਰਖੱਚੇ ਉਡਾ ਕੇ ਰੱਖ ਦੇਣ ਲਈ ਕਾਫ਼ੀ ਸਨ। ਇਸ ਸਾਰੇ ਮਾਮਲੇ ਦੀ ਛਾਣਬੀਣ ਲਈ ਮੁੰਬਈ ਪੁਲਿਸ ਅਤੇ ਐਨਆਈ ਵੱਲੋਂ ਸਾਂਝੇ ਤੌਰ ਉੱਤੇ ਜਾਂਚ ਕੀਤੀ ਜਾ ਰਹੀ ਹੈ।

 

ਪੁਲਿਸ ਮੁਤਾਬਕ ਜੈਸ਼-ਏ-ਹਿੰਦ ਦੇ ਨਵੇਂ ਬੈਨਰ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਦਾ ਟੈਲੀਗ੍ਰਾਮ ਚੈਨਲ ਤੇ ਮੁਕੇਸ਼ ਅੰਬਾਨੀ ਨੂੰ ਦਿੱਤੀ ਗਈ ਧਮਕੀ ਨਾਲ ਕੋਈ ਸਬੰਧ ਨਹੀਂ। ਪੁਲਿਸ ਹੁਣ ਇਸ ਬੈਨਰ ਦੇ ਅਸਲੀ ਸਰੋਤ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ।