ਇਸ ਬਾਰੇ ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਆਵਾਜਾਈ ਨੇਮਾਂ ਦਾ ਉਲੰਘਣ ਕਰਨ ’ਤੇ ਲਾਏ ਗਏ ਵੱਡੇ ਜੁਰਮਾਨਿਆਂ ਦਾ ਮੰਤਵ ਸੜਕ ਹਾਦਸਿਆਂ ਵਿੱਚ ਕਮੀ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਨੇਮਾਂ ਦਾ ਪਾਲਣ ਕਰਦਾ ਹੈ ਤਾਂ ਉਸ ਨੂੰ ਜੁਰਮਾਨੇ ਦਾ ਭੈਅ ਨਹੀਂ ਹੋਣਾ ਚਾਹੀਦਾ। ਉਨ੍ਹਾਂ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਲੋਕਾਂ ਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਭਾਰਤ ਵਿੱਚ ਵਿਦੇਸ਼ਾਂ ਵਾਂਗ ਸੜਕਾਂ ਸੁਰੱਖਿਅਤ ਹੋ ਜਾਣਗੀਆਂ ਜਿੱਥੇ ਲੋਕ ਅਨੁਸ਼ਾਸਨ ਨਾਲ ਆਵਾਜਾਈ ਨੇਮਾਂ ਦਾ ਪਾਲਣ ਕਰਦੇ ਹਨ।
ਗਡਕਰੀ ਨੇ ਕਿਹਾ ਕਿ ਸਖ਼ਤ ਨੇਮ ਜ਼ਰੂਰੀ ਸਨ ਕਿਉਂਕਿ ਲੋਕ ਆਵਾਜਾਈ ਨੇਮਾਂ ਨੂੰ ਹਲਕੇ ਵਿੱਚ ਲੈਂਦੇ ਸਨ। ਉਨ੍ਹਾਂ ਕਿਹਾ ਕਿ ਉਹ ਇਸ ਮੁੱਦੇ ਬਾਰੇ ਸੰਵੇਦਨਸ਼ੀਲ ਹਨ। ਸੜਕ ਹਾਦਸਿਆਂ ਦੇ 65 ਫ਼ੀਸਦ ਸ਼ਿਕਾਰ 18-35 ਸਾਲ ਉਮਰ ਵਰਗ ਦੇ ਹੁੰਦੇ ਹਨ। ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਸੜਕ ਹਾਦਸਿਆਂ ਤੋਂ ਬਾਅਦ ਕਿੰਨੀ ਔਖ ਹੁੰਦੀ ਹੈ। ਗਡਕਰੀ ਨੇ ਕਿਹਾ ਕਿ ਉਹ ਖ਼ੁਦ ਸੜਕ ਹਾਦਸੇ ਦੇ ਪੀੜਤ ਹਨ। ਇਹ ਸੋਚ-ਸਮਝ ਕੇ ਚੁੱਕਿਆ ਗਿਆ ਕਦਮ ਹੈ, ਭਾਵੇਂ ਕਾਂਗਰਸ ਹੋਵੇ ਜਾਂ ਟੀਐਮਸੀ ਤੇ ਟੀਆਰਐਸ, ਸਾਰੀਆਂ ਧਿਰਾਂ ਦੀ ਸਲਾਹ ਲਈ ਗਈ ਹੈ।
ਉਨ੍ਹਾਂ ਕਿਹਾ ਕਿ ਕਾਨੂੰਨ ਨੇਮਾਂ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਇੱਕੋ ਤਰੀਕੇ ਨਾਲ ਕਾਰਵਾਈ ਕਰਦਾ ਹੈ। ਇਹ ਫ਼ਰਕ ਨਹੀਂ ਪੈਂਦਾ ਕਿ ਉਲੰਘਣ ਕਰਨ ਵਾਲਾ ਕੋਈ ਮੰਤਰੀ ਹੈ ਜਾਂ ਅਧਿਕਾਰੀ ਜਾਂ ਫਿਰ ਪੱਤਰਕਾਰ। ਨੇਮਾਂ ਦਾ ਉਲੰਘਣ ਕਰਨ ’ਤੇ ਜੁਰਮਾਨਾ ਦੇਣਾ ਹੀ ਪਵੇਗਾ।