ਏਅਰਪੋਰਟ ਬੰਦ ਕਰਨ ਦੇ ਫੈਸਲੇ ਉੱਤੇ ਕੇਂਦਰ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ
ਏਬੀਪੀ ਸਾਂਝਾ | 12 Nov 2017 10:30 AM (IST)
ਚੰਡੀਗੜ੍ਹ- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਨੂੰ ਪੈਰਲਲ ਰੰਨਵੇ ਬਣਨ ਕਾਰਨ ਸ਼ਾਮ ਚਾਰ ਵਜੇ ਤੋਂ ਸਵੇਰੇ ਪੰਜ ਵਜੇ ਤੱਕ ਬੰਦ ਰੱਖਣ ਦਾ ਫੈਸਲਾ ਹੋ ਚੁੱਕਾ ਹੈ ਤੇ ਫਰਵਰੀ ਵਿੱਚ ਦੋ ਹਫਤਿਆਂ ਲਈ ਪੂਰੀ ਤਰ੍ਹਾਂ ਇਸ ਨੂੰ ਬੰਦ ਕਰਨ ਦੇ ਹੁਕਮਾਂ ਖਿਲਾਫ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ। ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਦਿੱਤੀ ਗਈ ਇਸ ਅਰਜ਼ੀ ਉੱਤੇ ਹਾਈ ਕੋਰਟ ਨੇ ਕੇਂਦਰ ਸਰਕਾਰ ਸਮੇਤ ਸਾਰੀਆਂ ਸੰਬੰਧਤ ਧਿਰਾਂ ਨੂੰ 14 ਨਵੰਬਰ ਲਈ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ। ਐਸੋਸੀਏਸ਼ਨ ਨੇ ਹਾਈ ਕੋਰਟ ਨੂੰ ਅਰਜ਼ੀ ਦੇ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਅਗਲੇ ਸਾਲ ਫਰਵਰੀ ਵਿੱਚ ਪੈਰਲਲ ਰੰਨਵੇ ਦੇ ਬਣਨ ਵੇਲੇ ਦੋ ਹਫਤਿਆਂ ਲਈ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਇਸ ਦੌਰਾਨ ਇਥੋਂ ਨਾ ਕੋਈ ਫਲਾਈਟ ਉਡ ਸਕੇਗੀ ਅਤੇ ਨਾ ਲੈਂਡ ਕਰੇਗੀ। ਪਹਿਲਾ ਹੀ ਇਸ ਰੰਨਵੇ ਦੇ ਬਣਨ ਕਾਰਨ ਸ਼ਾਮ ਚਾਰ ਵਜੇ ਤੋਂ ਸਵੇਰੇ ਪੰਜ ਵਜੇ ਫਲਾਈਟਸ ਬੰਦ ਰਹਿੰਦੀਆਂ ਹਨ। ਰੋਜ਼ 13 ਘੰਟੇ ਫਲਾਈਟ ਬੰਦ ਰਹਿਣ ਨਾਲ ਪਹਿਲਾ ਹੀ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਫਰਵਰੀ ਵਿੱਚ ਪੂਰੇ ਦੋ ਹਫਤੇ ਫਲਾਈਟਸ ਬੰਦ ਰਹਿਣ ਨਾਲ ਯਾਤਰੀਆਂ ਨੂੰ ਹੋਰ ਵੀ ਪਰੇਸ਼ਾਨੀ ਹੋਵੇਗੀ।