Charge sheet against Arshdeep Dalla: ਕੌਮੀ ਜਾਂਚ ਏਜੰਸੀ (ਐਨਆਈਏ) ਨੇ ਪੰਜਾਬ ਤੇ ਦਿੱਲੀ ਦੇ ਕਈ ਹਿੱਸਿਆਂ ਵਿੱਚ ਦਹਿਸ਼ਤੀ ਹਮਲਿਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ ਕੈਨੇਡਾ ਅਧਾਰਿਤ ਖਾਲਿਸਤਾਨ ਪੱਖੀ ਅਰਸ਼ਦੀਪ ਸਿੰਘ ਡੱਲਾ ਤੇ ਉਸ ਦੇ ਤਿੰਨ ਸਾਥੀਆਂ ਖਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਏਜੰਸੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਵੱਲੋਂ ਪੰਜਾਬ ਤੇ ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿੱਚ ਦਹਿਸ਼ਤੀ ਹਮਲਿਆਂ ਲਈ ਵਰਤੇ ਜਾਂਦੇ ਸਲੀਪਰ ਸੈਲਜ਼ ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਐਨਆਈਏ ਦੀ ਇਹ ਵੱਡੀ ਪੁਲਾਂਘ ਹੈ। 


ਅਤਿਵਾਦ ਵਿਰੋਧੀ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਕੈਨੇਡਾ ਅਧਾਰਿਤ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਤੇ ਉਸ ਦੇ ਭਾਰਤੀ ਏਜੰਟਾਂ ਹਰਜੀਤ ਸਿੰਘ ਉਰਫ਼ ਹੈਰੀ ਮੌੜ, ਰਵਿੰਦਰ ਸਿੰਘ ਉਰਫ਼ ਰਾਜਵਿੰਦਰ ਸਿੰਘ ਉਰਫ਼ ਹੈਰੀ ਰਾਜਪੁਰਾ ਤੇ ਰਾਜੀਵ ਕੁਮਾਰ ਉਰਫ਼ ਸ਼ੀਲਾ ਖਿਲਾਫ਼ ਨਵੀਂ ਦਿੱਲੀ ਦੀ ਐਨਆਈਏ ਕੋਰਟ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।’’ 


ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੈਂਬਰ ਡੱਲਾ ਦੀਆਂ ਹਦਾਇਤਾਂ ’ਤੇ ਉਸ ਦੇ ਉਪਰੋਕਤ ਤਿੰਨ ਸਾਥੀ ਭਾਰਤ ਵਿੱਚ ਪ੍ਰਮੁੱਖ ਟੈਰਰ-ਗੈਂਗਸਟਰ (ਦਹਿਸ਼ਤਗਰਦ-ਗੈਂਗਸਟਰ) ਸਿੰਡੀਕੇਟ ਚਲਾ ਰਹੇ ਸਨ। ਮੁਲਜ਼ਮ ਮੌੜ ਤੇ ਰਾਜਪੁਰਾ ਸਲੀਪਰ ਸੈਲਜ਼ ਵਜੋਂ ਕੰਮ ਕਰ ਰਹੇ ਸਨ ਤੇ ਰਾਜੀਵ ਕੁਮਾਰ ਉਨ੍ਹਾਂ ਦੀ ਪੁਸ਼ਤ-ਪਨਾਹੀ ਕਰਦਾ ਸੀ। 


ਐਨਆਈਏ ਨੇ ਕਿਹਾ ਕਿ ਇਸ ਤਿੱਕੜੀ ਨੇ ਡੱਲਾ ਦੀਆਂ ਹਦਾਇਤਾਂ ’ਤੇ ਲੜੀਵਾਰ ਦਹਿਸ਼ਤੀ ਹਮਲਿਆਂ ਦੀ ਵਿਉਂਤ ਘੜੀ ਸੀ। ਡਾਲਾ ਇਨ੍ਹਾਂ ਨੂੰ ਫੰਡ ਵੀ ਮੁਹੱਈਆ ਕਰਵਾਉਂਦਾ ਸੀ। ਬਿਆਨ ਵਿੱਚ ਕਿਹਾ ਗਿਆ ਕਿ ਮੌੜ ਤੇ ਰਾਜਪੁਰਾ ਗਰੋਹ ਦੇ ਸ਼ੂਟਰ ਸਨ ਤੇ ਉਨ੍ਹਾਂ ਦਾ ਕੰਮ ਟਾਰਗੈੱਟ ਕਿਲਿੰਗਜ਼ ਨੂੰ ਅੰਜਾਮ ਦੇਣਾ ਸੀ। ਰਾਜੀਵ ਕੁਮਾਰ ਉਰਫ਼ ਸ਼ੀਲਾ ਨੂੰ ਅਰਸ਼ ਡੱਲਾ ਤੋਂ ਫੰਡ ਮਿਲਦੇ ਸਨ, ਜਿਸ ਨਾਲ ਉਹ ਹੈਰੀ ਮੌੜ ਤੇ ਹੈਰੀ ਰਾਜਪੁਰਾ ਲਈ ਪਨਾਹ ਦਾ ਪ੍ਰਬੰਧ ਕਰਦਾ ਸੀ। 


ਐਨਆਈਏ ਜਾਂਚ ਤੋਂ ਪਤਾ ਲੱਗਾ ਹੈ ਡੱਲਾ ਦੇ ਕਹਿਣ ’ਤੇ ਕੁਮਾਰ ਦੋ ਹੋਰਨਾਂ ਲਈ ਆਵਾਜਾਈ ਤੇ ਹਥਿਆਰਾਂ ਦਾ ਪ੍ਰਬੰਧ ਕਰ ਰਿਹਾ ਸੀ। ਜਾਂਚ ਏਜੰਸੀ ਨੇ ਮੌੜ ਨੂੰ ਪਿਛਲੇ ਸਾਲ 23 ਨਵੰਬਰ ਜਦੋਂਕਿ ਕੁਮਾਰ ਨੂੰ ਇਸ ਸਾਲ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ।



Read More: CBSE ਨੇ ਬਦਲਿਆ ਪ੍ਰੀਖਿਆ ਪੈਟਰਨ, ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਕਰਨਾ ਪਏਗਾ ਸਾਹਮਣਾ, ਹੁਣ ਰੱਟੇ ਨਹੀਂ ਆਉਣਗੇ ਕੰਮ