APHC Office Seal : ਰਾਸ਼ਟਰੀ ਜਾਂਚ ਏਜੰਸੀ (NIA) ਦੀ ਇੱਕ ਟੀਮ UAPA ਮਾਮਲੇ ਵਿੱਚ ਆਲ ਪਾਰਟੀ ਹੁਰੀਅਤ ਕਾਨਫਰੰਸ (APHC) ਦੇ ਦਫ਼ਤਰ ਨੂੰ ਸੀਲ ਕਰਨ ਲਈ ਸ਼੍ਰੀਨਗਰ ਦੇ ਰਾਜਬਾਗ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਇਸ ਦੇ ਦਫ਼ਤਰ ਨੂੰ ਸੀਲ ਕਰਨ ਦਾ ਹੁਕਮ ਦਿੱਤਾ ਸੀ। ਐਡੀਸ਼ਨਲ ਸੈਸ਼ਨ ਜੱਜ ਸ਼ੈਲੇਂਦਰ ਮਲਿਕ ਨੇ ਇਹ ਹੁਕਮ ਐਨਆਈਏ ਦੀ ਅਰਜ਼ੀ ’ਤੇ ਦਿੱਤੇ ਸਨ।
ਦਰਅਸਲ NIA ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਵੱਖਵਾਦੀ ਨੇਤਾ ਨਈਮ ਅਹਿਮਦ ਖਾਨ ਖਿਲਾਫ਼ UAPA ਤਹਿਤ ਮਾਮਲਾ ਦਰਜ ਕੀਤਾ ਹੈ। ਐਨਆਈਏ ਦਾ ਕਹਿਣਾ ਹੈ ਕਿ ਆਲ ਪਾਰਟੀ ਹੁਰੀਅਤ ਕਾਨਫਰੰਸ ਦੇ ਰਾਜਬਾਗ ਦਫ਼ਤਰ ਵਿੱਚ ਨਈਮ ਅਹਮ ਖ਼ਾਨ ਦੀ ਅੰਸ਼ਕ ਹਿੱਸੇਦਾਰੀ ਹੈ। ਉਸ ਦਫ਼ਤਰ ਦੀ ਵਰਤੋਂ ਭਾਰਤ ਵਿਰੁੱਧ ਜੰਗ ਛੇੜਨ ਅਤੇ ਜੰਮੂ-ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਦੀਆਂ ਕਈ ਯੋਜਨਾਵਾਂ ਬਣਾਉਣ ਲਈ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਇਹ ਦਫ਼ਤਰ ਸੁਰੱਖਿਆ ਬਲਾਂ 'ਤੇ ਪਥਰਾਅ ਕਰਨ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ, ਬੇਰੁਜ਼ਗਾਰਾਂ ਦੀ ਭਰਤੀ ਲਈ ਫੰਡ ਇਕੱਠਾ ਕਰਨ ਲਈ ਵੀ ਵਰਤਿਆ ਜਾਂਦਾ ਸੀ।
ਸਾਲ 2017 'ਚ ਨਈਮ ਅਹਿਮਦ ਖਾਨ ਨੂੰ ਕੀਤਾ ਗ੍ਰਿਫ਼ਤਾਰ
NIA ਮੁਤਾਬਕ ਸੁਰੱਖਿਆ ਬਲਾਂ 'ਤੇ ਪਥਰਾਅ ਕਰਕੇ, ਸਕੂਲਾਂ ਨੂੰ ਸਾੜ ਕੇ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾ ਕੇ ਕਸ਼ਮੀਰ ਘਾਟੀ 'ਚ ਅਸ਼ਾਂਤੀ ਪੈਦਾ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਸੀ। ਐਨਆਈਏ ਨੇ ਯੂਏਪੀਏ ਦੀਆਂ ਧਾਰਾਵਾਂ 13, 16, 17,18, 20, 39 ਅਤੇ 40 ਤੋਂ ਇਲਾਵਾ ਭਾਰਤੀ ਦੰਡਾਵਲੀ ਦੀ ਧਾਰਾ 120ਬੀ, 121, 121ਏ ਅਤੇ 124 ਦੇ ਤਹਿਤ ਐਫਆਈਆਰ ਦਰਜ ਕੀਤੀ ਸੀ।