ਦਰਅਸਲ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ ਨੇ ਫਗਵਾੜਾ ਵਿੱਚ ਪ੍ਰੋਗਰਾਮ ਰੱਖਿਆ ਸੀ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਇੱਥੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਇਸੇ ਦੌਰਾਨ ਵਿਜੈ ਇੰਦਰ ਸਿੰਗਲਾ ਨੇ ਗਡਕਰੀ ਦੀ ਤਾਰੀਫ ਕਰਦਿਆਂ ਉਕਤ ਗੱਲਾਂ ਕਹੀਆਂ। ਸਿੰਗਲਾ ਨੇ ਮਾਈਕ ਸਾਂਭਦਿਆਂ ਹੀ ਨਿਤਿਨ ਗਡਕਰੀ ਦੀ ਮੋਟੀ-ਮੋਟੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਇਹ ਅੰਡਰ ਪਾਸ ਸਿਰਫ ਫਗਵਾੜਾ ਹੀ ਨਹੀਂ ਸਗੋਂ ਪੂਰੇ ਸੂਬੇ ਲਈ ਵੱਡਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਗਡਕਰੀ ਤੇ ਉਨ੍ਹਾਂ ਦੀ ਸੋਚ ਨੇ ਨੈਸ਼ਨਲ ਹਾਈਵੇ ਦੀਆਂ ਰੁਕਾਵਟਾਂ ਖਤਮ ਕਰਨ ਲਈ ਪੂਰੇ ਮੁਲਕ ਵਿੱਚ ਕੰਮ ਕੀਤਾ ਹੈ ਤੇ ਲੋਕ ਇਸ ਦੀ ਤਾਰੀਫ ਵੀ ਕਰਦੇ ਹਨ।
ਇਸ ਮੌਕੇ ਗਡਕਰੀ ਨੇ ਫਗਵਾੜਾ ਵਿੱਚ ਨੈਸ਼ਨਲ ਹਾਈਵੇ-44 'ਤੇ 165 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 2.5 ਕਿਲੋਮੀਟਰ ਦੇ ਅੰਡਰਪਾਸ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਅੰਦਰ ਇਸ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪਾਣੀਪਤ ਤੋਂ ਲੈ ਕੇ ਜਲੰਧਰ ਤਕ ਦੇ ਨੈਸ਼ਨਲ ਹਾਈਵੇ ਬਾਰੇ ਕਿਹਾ ਕਿ ਜਲਦੀ ਸਾਰੀਆਂ ਪ੍ਰੇਸ਼ਾਨੀਆਂ ਹੱਲ ਹੋ ਜਾਣਗੀਆਂ।