ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਦੋਸ਼ੀ ਐਲਾਨੇ ਜਾ ਚੁੱਕੇ ਸੱਜਣ ਕੁਮਾਰ 31 ਦਸੰਬਰ ਨੂੰ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰੇਗਾ। ਦਿੱਲੀ ਹਾਈ ਕੋਰਟ ਨੇ ਉਸ ਨੂੰ ਤਾ-ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਸਾਲ ਦੇ ਆਖਰੀ ਦਿਨ ਤਕ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ। ਉਸ ਦੇ ਵਕੀਲ ਨੇ ਆਤਮ ਸਮਰਪਣ ਕਰਨ ਦੀ ਪੁਸ਼ਟੀ ਕੀਤੀ ਹੈ।


ਇਹ ਵੀ ਪੜ੍ਹੋ- ਚੁਰਾਸੀ ਕਤਲੇਆਮ 'ਤੇ ਵੱਡਾ ਫੈਸਲਾ, ਸੱਜਣ ਕੁਮਾਰ ਸਣੇ ਚਾਰਾਂ ਨੂੰ ਉਮਰ ਕੈਦ, ਦੋ ਦੀ ਸਜ਼ਾ ਵਧਾਈ

ਸੱਜਣ ਕੁਮਾਰ ਦੇ ਵਕੀਲ ਅਨਿਲ ਕੁਮਾਰ ਸ਼ਰਮਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਜਾਣਕਾਰੀ ਦਿੱਤੀ ਹੈ ਕਿ ਉਹ ਦਿੱਲੀ ਉੱਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਨਗੇ। ਹਾਲਾਂਕਿ, ਸੱਜਣ ਕੁਮਾਰ ਨੇ ਅਦਾਲਤ ਦੇ ਫੈਸਲੇ ਨੂੰ ਕਈ ਥਾਵਾਂ 'ਤੇ ਚੁਣੌਤੀ ਤੇ ਸਮਰਪਣ ਕਰਨ ਲਈ ਵੱਧ ਸਮਾਂ ਦੇਣ ਦੀ ਅਪੀਲ ਵੀ ਕੀਤੀ ਪਰ ਹਾਲੇ ਤਕ ਉਸ ਨੂੰ ਕੋਈ ਰਿਆਇਤ ਨਹੀਂ ਮਿਲੀ ਹੈ।

ਸਬੰਧਤ ਖ਼ਬਰ- 1984 ਸਿੱਖ ਕਤਲੇਆਮ: ਜ਼ਖ਼ਮ ਹਾਲੇ ਭਰੇ ਨਹੀਂ, ਵੇਖੋ ਚੁਰਾਸੀ ਕਤਲੇਆਮ ਦੀਆਂ ਤਸਵੀਰਾਂ

ਸ਼ਰਮਾ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਦੀ 'ਰਾਹਤ ਅਰਜ਼ੀ' 'ਤੇ ਲਾਏ ਇਤਰਾਜ਼ ਦੂਰ ਕਰ ਦਿੱਤੇ ਹਨ, ਪਰ ਪਹਿਲੀ ਜਨਵਰੀ ਤਕ ਸਰਦੀਆਂ ਦੀਆਂ ਛੁੱਟੀਆਂ ਹੋਣ ਕਾਰਨ 31 ਦਸੰਬਰ ਤਕ ਸੁਣਵਾਈ ਹੋਣ ਮੁਮਕਿਨ ਨਹੀਂ ਹੈ। ਦੇਸ਼ ਦੀ ਸਿਖਰਲੀ ਅਦਾਲਤ ਦੋ ਜਨਵਰੀ ਤੋਂ ਕੰਮਕਾਜ ਆਰੰਭ ਦੇਵੇਗੀ, ਜਿਸ ਤੋਂ ਬਾਅਦ ਹੀ ਸੱਜਣ ਕੁਮਾਰ ਦੀ ਅਰਜ਼ੀ ਵਿਚਾਰਨ ਬਾਰੇ ਫੈਸਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ- ਸੱਜਣ ਕੁਮਾਰ ਤੋਂ ਪਹਿਲਾਂ ਹੀ ਸੁਪਰੀਮ ਕੋਰਟ ਪਹੁੰਚੇ ਪੀੜਤ

ਸੱਜਣ ਕੁਮਾਰ ਨੇ ਬੀਤੀ 22 ਦਸੰਬਰ ਨੂੰ ਦਿੱਲੀ ਹਾਈਕੋਰਟ ਵੱਲੋਂ ਸੁਣਾਈ ਗਈ ਸਜ਼ਾ ਵਿਰੁੱਧ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਸੀ। ਉਸ ਵੱਲੋਂ ਕਤਲ ਕੀਤੇ ਸਿੱਖਾਂ ਦੇ ਵਾਰਸਾਂ ਦੇ ਵਕੀਲ ਐਚ.ਐਸ. ਫੂਲਕਾ ਮੁਤਾਬਕ ਉਨ੍ਹਾਂ ਸੁਪਰੀਮ ਕੋਰਟ ਨੂੰ ਸੱਜਣ ਕੁਮਾਰ ਬਾਰੇ ਕੋਈ ਵੀ ਅਪੀਲ-ਦਲੀਲ ਸੁਣਨ ਲਈ ਉਨ੍ਹਾਂ (ਪੀੜਤਾਂ) ਨੂੰ ਵੀ ਧਿਰ ਬਣਾਉਣ ਬਾਰੇ ਸੂਚਿਤ ਚੁੱਕੇ ਹਨ। ਸੱਜਣ ਸਮੇਤ ਕੁੱਲ ਛੇ ਵਿਅਕਤੀਆਂ ਨੂੰ ਬੀਤੀ 17 ਦਸੰਬਰ ਨੂੰ ਦੋਸ਼ੀ ਐਲਾਨ ਦਿੱਤਾ ਸੀ ਅਤੇ ਸਾਰਿਆਂ ਨੂੰ 31 ਦਸੰਬਰ ਤਕ ਆਤਮ-ਸਮਰਪਣ ਦੇ ਹੁਕਮ ਦਿੱਤੇ ਹੋਏ ਹਨ।

ਸਬੰਧਤ ਖ਼ਬਰ- ਸਜ਼ਾ ਮਗਰੋਂ ਸੱਜਣ ਨੇ ਲਿਖਿਆ ਰਾਹੁਲ ਨੂੰ ਖ਼ਤ, ਪਾਰਟੀ ਛੱਡੀ