ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਇੱਕ 22 ਸਾਲਾ ਵਿਦਿਆਰਥਣ ਵੱਲੋਂ ਆਪਣੇ ਆਪ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਫਕੀਰ ਮੋਹਨ ਆਟੋਨੋਮਸ ਕਾਲਜ ਦੇ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 1 ਜੁਲਾਈ ਨੂੰ, ਵਿਦਿਆਰਥਣ ਨੇ ਇੱਕ ਕਾਲਜ ਪ੍ਰੋਫੈਸਰ 'ਤੇ ਜਿਨਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲਗਾਏ ਸਨ। ਉਸਨੇ ਇੱਕ ਲੰਮਾ ਪੱਤਰ ਲਿਖਿਆ ਸੀ ਜਿਸ ਵਿੱਚ ਉਸਨੂੰ ਕਈ ਮਹੀਨਿਆਂ ਤੋਂ ਹੋ ਰਹੇ ਪਰੇਸ਼ਾਨੀ ਅਤੇ ਧਮਕੀਆਂ ਦਾ ਜ਼ਿਕਰ ਕੀਤਾ ਗਿਆ ਸੀ।
ਹਾਲਾਂਕਿ, ਵਿਦਿਆਰਥਣ ਦੇ ਅਨੁਸਾਰ, ਕਾਲਜ ਪ੍ਰਸ਼ਾਸਨ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 11 ਦਿਨਾਂ ਬਾਅਦ, ਉਸਨੇ ਕਾਲਜ ਕੈਂਪਸ ਵਿੱਚ ਆਪਣੇ ਆਪ ਨੂੰ ਅੱਗ ਲਗਾ ਲਈ। ਵਿਦਿਆਰਥਣ ਨੂੰ ਏਮਜ਼ ਭੁਵਨੇਸ਼ਵਰ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ 90 ਪ੍ਰਤੀਸ਼ਤ ਤੋਂ ਵੱਧ ਸੜ ਚੁੱਕੀ ਹੈ ਤੇ ਜ਼ਿੰਦਗੀ ਲਈ ਸੰਘਰਸ਼ ਕਰ ਰਹੀ ਹੈ।
ਇਸ ਘਟਨਾ ਤੋਂ ਬਾਅਦ, ਰਾਜਨੀਤਿਕ ਵਿਵਾਦ, ਵਿਦਿਆਰਥੀ ਸੰਗਠਨਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਵਿਦਿਅਕ ਸੰਸਥਾਵਾਂ ਵਿੱਚ ਜਵਾਬਦੇਹੀ ਦੀ ਮੰਗ ਤੇਜ਼ ਹੋ ਗਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪ੍ਰਸ਼ਾਸਨ ਨੇ ਹੁਣ ਪ੍ਰਿੰਸੀਪਲ ਨੂੰ ਲਾਪਰਵਾਹੀ ਅਤੇ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
1 ਜੁਲਾਈ ਨੂੰ ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਦੇ ਫਕੀਰ ਮੋਹਨ ਆਟੋਨੋਮਸ ਕਾਲਜ ਦੀ ਇੱਕ ਬੀ.ਐੱਡ. ਵਿਦਿਆਰਥਣ ਨੇ ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਨੂੰ ਆਪਣੇ ਵਿਭਾਗ ਦੇ ਮੁਖੀ ਪ੍ਰੋਫੈਸਰ ਸਮੀਰ ਕੁਮਾਰ ਸਾਹੂ ਵਿਰੁੱਧ ਲਗਾਤਾਰ ਜਿਨਸੀ ਸ਼ੋਸ਼ਣ ਤੇ ਧਮਕੀਆਂ ਦੀ ਲਿਖਤੀ ਸ਼ਿਕਾਇਤ ਸੌਂਪੀ।
ਵਿਦਿਆਰਥਣ ਨੇ ਇੱਕ ਲੰਮਾ ਪੱਤਰ ਲਿਖਿਆ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ ਕਿਵੇਂ ਉਸਨੂੰ ਕਈ ਮਹੀਨਿਆਂ ਤੋਂ ਮਾਨਸਿਕ ਤੇ ਸਰੀਰਕ ਤੌਰ 'ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ। ਵਿਦਿਆਰਥਣ ਨੇ ਇਹ ਪੱਤਰ ਸੋਸ਼ਲ ਪਲੇਟਫਾਰਮਾਂ 'ਤੇ ਵੀ ਸਾਂਝਾ ਕੀਤਾ, ਜੋ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਰਾਜ ਦੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਿਤ ਸੀ।
ਕਾਲਜ ਪ੍ਰਸ਼ਾਸਨ ਨੇ ਵਿਦਿਆਰਥਣ ਨੂੰ ਕਿਹਾ ਸੀ ਕਿ ਸੱਤ ਦਿਨਾਂ ਵਿੱਚ ਕਾਰਵਾਈ ਕੀਤੀ ਜਾਵੇਗੀ ਪਰ ਜਦੋਂ ਬਾਰਾਂ ਦਿਨਾਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ, ਤਾਂ ਵਿਦਿਆਰਥਣ ਨੇ 11 ਜੁਲਾਈ ਨੂੰ ਕਾਲਜ ਦੇ ਮੁੱਖ ਗੇਟ 'ਤੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਆਪਣੇ ਆਪ 'ਤੇ ਮਿੱਟੀ ਦਾ ਤੇਲ ਛਿੜਕ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਉਹ ਇਸ ਸਮੇਂ ਭੁਵਨੇਸ਼ਵਰ ਦੇ ਇੱਕ ਹਸਪਤਾਲ ਵਿੱਚ ਜੀਵਨ ਸਹਾਇਤਾ ਪ੍ਰਣਾਲੀ 'ਤੇ ਹੈ। ਡਾਕਟਰਾਂ ਅਨੁਸਾਰ, ਉਸਦੇ ਸਰੀਰ ਦਾ 95 ਪ੍ਰਤੀਸ਼ਤ ਹਿੱਸਾ ਸੜ ਗਿਆ ਹੈ। ਇੱਕ ਹੋਰ ਵਿਦਿਆਰਥਣ ਜਿਸਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ 70 ਪ੍ਰਤੀਸ਼ਤ ਸੜ ਗਈ ਹੈ ਅਤੇ ਉਸਦਾ ਵੀ ਇਲਾਜ ਚੱਲ ਰਿਹਾ ਹੈ।
ਘਟਨਾ ਤੋਂ ਬਾਅਦ ਪੁਲਿਸ ਨੇ ਪ੍ਰੋਫੈਸਰ ਸਮੀਰ ਸਾਹੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਚ ਸਿੱਖਿਆ ਵਿਭਾਗ ਨੇ ਪ੍ਰੋਫੈਸਰ ਸਾਹੂ ਦੇ ਨਾਲ-ਨਾਲ ਕਾਲਜ ਪ੍ਰਿੰਸੀਪਲ ਦਿਲੀਪ ਘੋਸ਼ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਰਾਜ ਦੇ ਉੱਚ ਸਿੱਖਿਆ ਮੰਤਰੀ ਸੂਰਿਆਵੰਸ਼ੀ ਸੂਰਜ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲਿਸ ਸੁਪਰਡੈਂਟ ਰਾਜ ਪ੍ਰਸਾਦ ਨੇ ਕਿਹਾ ਕਿ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕਈ ਟੀਮਾਂ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਸਜ਼ਾ ਦਿੱਤੀ ਜਾਵੇਗੀ।
ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਉਸਦੀ ਧੀ ਅਤੇ ਪਰਿਵਾਰ 'ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਸੀ। ਉਹ ਕਹਿੰਦਾ ਹੈ, "ਮੈਨੂੰ ਕਿਹਾ ਗਿਆ ਸੀ ਕਿ ਜੇਕਰ ਸ਼ਿਕਾਇਤ ਵਾਪਸ ਨਹੀਂ ਲਈ ਗਈ, ਤਾਂ ਮੇਰੇ ਵਿਰੁੱਧ ਕੇਸ ਦਰਜ ਕੀਤਾ ਜਾਵੇਗਾ ਤੇ ਮੈਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।" ਉਸਨੇ ਕਿਹਾ, "ਮੈਂ ਆਪਣੀ ਧੀ ਨੂੰ ਹਸਪਤਾਲ ਵਿੱਚ ਦੇਖਿਆ। ਮੈਂ ਉਸਨੂੰ ਪਛਾਣ ਵੀ ਨਹੀਂ ਸਕਿਆ।"
ਇਸ ਘਟਨਾ ਦੇ ਸਬੰਧ ਵਿੱਚ, ਬੀਜੂ ਜਨਤਾ ਦਲ ਅਤੇ ਕਾਂਗਰਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਪੱਤਰ ਲਿਖਿਆ ਹੈ ਅਤੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਰਾਸ਼ਟਰਪਤੀ ਇਨ੍ਹੀਂ ਦਿਨੀਂ ਓਡੀਸ਼ਾ ਦੇ ਦੌਰੇ 'ਤੇ ਹਨ।