ਭੁਵਨੇਸ਼ਵਰ: ਉੜੀਸਾ ਵਿੱਚ ਡਾਕਟਰਾਂ ਦੀ ਲਾਪ੍ਰਵਾਹੀ ਕਰਕੇ ਇੱਕ ਮਹਿਲਾ ਚੱਲ ਵੀ ਨਹੀਂ ਪਾ ਰਹੀ। ਮਾਮਲਾ ਕਿਓਂਝਰ ਜ਼ਿਲ੍ਹੇ ਦਾ ਹੈ। ਦਰਅਸਲ ਮਹਿਲਾ ਨੂੰ ਖੱਬੇ ਪੈਰ ਵਿੱਚ ਸਮੱਸਿਆ ਸੀ ਜਿਸ ਨੂੰ ਦਿਖਾਉਣ ਲਈ ਉਹ ਹਸਪਤਾਲ ਪੁੱਜਾ। ਡਾਕਟਰਾਂ ਨੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰ ਲਿਆ। ਇਹ ਜਾਣਨ ਬਾਅਦ ਮਹਿਲਾ ਹੱਕੀ-ਬੱਕੀ ਰਹਿ ਗਈ ਕਿ ਡਾਕਟਰਾਂ ਨੇ ਖੱਬੇ ਪੈਰ ਦੀ ਬਜਾਏ ਉਸ ਦੇ ਸੱਜੇ ਪੈਰ ਦਾ ਆਪ੍ਰੇਸ਼ਨ ਕਰ ਦਿੱਤਾ।

ਹਾਸਲ ਜਾਣਕਾਰੀ ਮੁਤਾਬਕ ਕਿਓਂਝਰ ਜ਼ਿਲ੍ਹੇ ਦੇ ਪਿੰਡ ਖਾਬਿਲ ਦੀ ਮਹਿਲਾ ਨੇੜੇ ਦੇ ਆਨੰਦਪੁਰ ਹਸਪਤਾਲ ਪਹੁੰਚੀ ਸੀ। ਉਸ ਦੇ ਖੱਬੇ ਪੈਰ ਵਿੱਚ ਜ਼ਖ਼ਮ ਸੀ। ਡਾਕਟਰਾਂ ਨੇ ਮਹਿਲਾ ਦਾ ਪੈਰ ਵੇਖ ਕੇ ਹਸਪਤਾਲ ਦੇ ਮੁਲਾਜ਼ਮਾਂ ਨੂੰ ਉਸ ਦੀ ਪੱਟੀ ਕਰਨ ਲਈ ਕਿਹਾ ਸੀ ਪਰ ਮੁਲਾਜ਼ਮਾਂ ਨੇ ਖੱਬੇ ਪੈਰ ਵਿੱਚ ਪੱਟੀ ਕਰਨ ਦੀ ਬਜਾਏ ਉਸ ਦੇ ਸੱਜੇ ਪੈਰ ਦਾ ਆਪ੍ਰੇਸ਼ਨ ਕਰਵਾ ਦਿੱਤਾ।

ਆਪ੍ਰੇਸ਼ਨ ਤੋਂ ਪਹਿਲਾਂ ਮਹਿਲਾ ਨੂੰ ਬੇਹੋਸ਼ੀ ਦਾ ਟੀਕਾ ਲਾਇਆ ਗਿਆ ਸੀ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਸੱਜੇ ਪੈਰ ਦਾ ਆਪ੍ਰੇਸ਼ਨ ਕਰ ਦਿੱਤਾ ਗਿਆ ਹੈ। ਪੀੜਤ ਮਹਿਲਾ ਦੀ ਉਮਰ 40 ਸਾਲ ਹੈ। ਘਟਨਾ ਬਾਅਦ ਮਹਿਲਾ ਤੇ ਉਸ ਦੇ ਪਤੀ ਨੇ ਹਸਪਤਾਲ ਦੇ ਮੈਡੀਕਲ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ। ਕਿਓਂਝਰ ਦੇ ਕਲੈਕਟਰ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।