ਚੰਡੀਗੜ੍ਹ: ਵਿਸ਼ਵ ਵਾਤਾਵਰਨ ਦਿਹਾੜੇ ਮੌਕੇ ਹਰਿਆਣਾ ਸਰਕਾਰ ਨੇ ਪੁਰਾਣੇ ਦਰੱਖ਼ਤਾਂ ਨੂੰ ਪੈਨਸ਼ਨ ਲਾਉਣ ਦਾ ਐਲਾਨ ਕੀਤਾ ਹੋਇਆ ਹੈ, ਜਿਸ ਤਹਿਤ ਸਰਕਾਰ ਨੇ ਸੂਬੇ ਵਿੱਚ ਤਿੰਨ ਹਜ਼ਾਰ ਰੁੱਖਾਂ ਦੀ ਚੋਣ ਕਰ ਲਈ ਹੈ। ਸਰਕਾਰ ਇਨ੍ਹਾਂ ਰੁੱਖਾਂ ਨੂੰ ਢਾਈ-ਢਾਈ ਹਜ਼ਾਰ ਦੀ ਪੈਨਸ਼ਨ ਲਾਵੇਗੀ। ਇਸ ਪੈਨਸ਼ਨ ਨਾਲ ਰੁੱਖਾਂ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਸਰਕਾਰ ਨੇ ਮਾਰਚ ਮਹੀਨੇ ਤੋਂ ਰੁੱਖਾਂ ਦੀ ਗਿਣਤੀ ਦਾ ਕੰਮ ਸ਼ੁਰੂ ਕਰ ਦਿੱਤਾ ਸੀ, ਜਿਸ ਤਹਿਤ 70 ਸਾਲ ਤੋਂ ਵੱਧ ਪੁਰਾਣੇ ਦਰੱਖ਼ਤਾਂ ਨੂੰ ਇਸ ਯੋਜਨਾ ਤਹਿਤ ਲਾਭ ਪਹੁੰਚਾਉਣ ਦੀ ਵਿਉਂਤਬੰਦੀ ਕੀਤੀ ਗਈ ਹੈ।
ਹਰਿਆਣਾ ਦੇ ਜੰਗਲਾਤ ਤੇ ਸਿੱਖਿਆ ਮੰਤਰੀ ਕੰਵਰ ਪਾਲ ਗੁੱਜਰ ਨੇ ਦੱਸਿਆ ਕਿ ਜਿਵੇਂ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ, ਉਵੇਂ ਹੀ ਪੁਰਾਣੇ ਦਰੱਖ਼ਤਾਂ ਨੂੰ ਵੀ ਪੈਨਸ਼ਨ ਲਾਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਹਰਿਆਣਾ ਤੋਂ ਇਲਾਵਾ ਸ਼ਾਇਦ ਹੀ ਕਿਸੇ ਹੋਰ ਸੂਬੇ ਨੇ ਰੁੱਖਾਂ ਲਈ ਅਜਿਹਾ ਕਦਮ ਚੁੱਕਿਆ ਹੋਵੇ। ਫਿਲਹਾਲ ਪੈਨਸ਼ਨ ਦੀ ਰਕਮ 2500 ਰੁਪਏ ਤੈਅ ਕੀਤੀ ਗਈ ਹੈ। ਮੰਤਰੀ ਨੇ ਇਹ ਵੀ ਕਿਹਾ ਕਿ ਹਰਿਆਣਾ ਸਰਕਾਰ ਤਿੰਨ ਕਰੋੜ 20 ਲੱਖ ਰੁੱਖ ਲਾਉਣ ਦੀ ਯੋਜਨਾ ਹੈ। ਇੱਕ ਪਾਸੇ ਮੰਤਰੀ ਐਲਾਨ ਕਰ ਰਹੇ ਸਨ ਦੂਜੇ ਪਾਸੇ ਕਿਸਾਨ ਉਨ੍ਹਾਂ ਦੀ ਰਿਹਾਇਸ਼ ਉੱਪਰ ਖੇਤੀ ਕਾਨੂੰਨ ਲਾਗੂ ਹੋਣ ਦੇ ਇੱਕ ਸਾਲ ਪੂਰਾ ਹੋਣ 'ਤੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਪ੍ਰਦਰਸ਼ਨ ਕਰ ਰਹੇ ਸਨ।
ਉੱਧਰ, ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੌਮਾਂਤਰੀ ਵਾਤਾਵਰਨ ਦਿਵਸ ਮੌਕੇ ਕਰਨਾਲ ਜ਼ਿਲ੍ਹੇ ਵਿੱਚ 80 ਏਕੜ ਰਕਬੇ ਵਿੱਚ ਜੰਗਲ (Oxi-Van) ਸਥਾਪਤ ਕੀਤੇ ਜਾਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜੰਗਲ ਅੰਦਰ 10 ਕਿਸਮ ਦੇ ਮਿਨੀ ਜੰਗਲ ਬਣਾਏ ਜਾਣਗੇ ਤਾਂ ਜੋ ਲੋਕ ਉੱਥੇ ਜਾ ਕੇ ਕੁਦਰਤ ਦਾ ਆਨੰਦ ਮਾਣ ਸਕਣ। ਮੁੱਖ ਮੰਤਰੀ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਵੇਲੇ ਪੈਦਾ ਹੋਈ ਆਕਸੀਜਨ ਦੀ ਕਿੱਲਤ ਕਰਕੇ ਰੁੱਖਾਂ ਵੱਲੋਂ ਦਿੱਤੀ ਜਾਣ ਵਾਲੀ ਨਿਸ਼ਕਾਮ ਆਕਸੀਜਨ ਦੀ ਅਹਿਮੀਅਤ ਸਮਝ ਆ ਗਈ ਹੈ।