ਭਾਰਤੀ ਵਾਯੂ ਸੈਨਾ ਨੇ ਬੁੱਧਵਾਰ, 7 ਮਈ 2025 ਨੂੰ ‘ਓਪਰੇਸ਼ਨ ਸਿੰਦੂਰ’ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਸਥਿਤ ਨੌਂ ਅੱਤਵਾਦੀ ਠਿਕਾਣਿਆਂ 'ਤੇ ਸਟੀਕ ਹਮਲੇ ਕੀਤੇ। ਇਹ ਕਾਰਵਾਈ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਬਦਲਾ ਸੀ, ਜਿਸ ਵਿੱਚ 26 ਭਾਰਤੀ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।

ਪਾਕਿਸਤਾਨ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਮਹਾਨਿਰਦੇਸ਼ਕ ਲੈਫਟਿਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਮਿਸਾਈਲ ਹਮਲਿਆਂ ਨੇ ਪਾਕਿਸਤਾਨ ਦੇ ਮੁਜ਼ਫ਼ਰਾਬਾਦ, ਕੋਟਲੀ ਅਤੇ ਬਹਾਵਲਪੁਰ ਦੇ ਅਹਿਮਦ ਈਸਟ ਖੇਤਰ ਨੂੰ ਨਿਸ਼ਾਨਾ ਬਣਾਇਆ।

ਪਾਕਿਸਤਾਨ ਦੇ 9 ਅੱਤਵਾਦੀ ਠਿਕਾਣਿਆਂ ਨੂੰ ਭਾਰਤੀ ਫੌਜ ਨੇ ਏਅਰ ਸਟਰਾਈਕ ਰਾਹੀਂ ਨਸ਼ਟ ਕਰ ਦਿੱਤਾ ਹੈ। ਹੁਣ ਇਸ ਕਾਰਵਾਈ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ। ਇਸ ਤਸਵੀਰ ਵਿੱਚ ਵੇਖਿਆ ਜਾ ਸਕਦਾ ਹੈ ਕਿ ਏਅਰ ਸਟਰਾਈਕ ਤੋਂ ਬਾਅਦ ਜੈਸ਼-ਏ-ਮੁਹੰਮਦ ਦਾ ਇਕ ਅੱਤਵਾਦੀ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ।

ਇਨ੍ਹਾਂ 9 ਥਾਵਾਂ 'ਤੇ ਹੋਈ ਸਟਰਾਈਕ

ਇਸ ਓਪਰੇਸ਼ਨ ਦੇ ਤਹਿਤ ਭਾਰਤ ਨੇ ਬਹਾਵਲਪੁਰ (2 ਠਿਕਾਣੇ), ਮੁਰੀਦਕੇ, ਮੁਜ਼ਫ਼ਰਾਬਾਦ, ਕੋਟਲੀ, ਗੁਲਪੁਰ, ਭਿੰਬਰ, ਚੱਕ ਅਮਰੂ ਅਤੇ ਸਿਆਲਕੋਟ ਵਿੱਚ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਭਾਰਤ ਵੱਲੋਂ ਇਹ ਸਾਫ਼ ਕੀਤਾ ਗਿਆ ਹੈ ਕਿ ਇਸ ਕਾਰਵਾਈ ਵਿੱਚ ਪਾਕਿਸਤਾਨੀ ਫੌਜ ਦੇ ਕਿਸੇ ਵੀ ਠਿਕਾਣੇ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ, ਸਿਰਫ਼ ਅੱਤਵਾਦੀ ਢਾਂਚੇ 'ਤੇ ਹੀ ਹਮਲੇ ਕੀਤੇ ਗਏ ਹਨ।

ਸਭ ਤੋਂ ਵੱਧ ਨੁਕਸਾਨ ਮੁਜ਼ਫ਼ਰਾਬਾਦ ਅਤੇ ਕੋਟਲੀ ਵਿੱਚ

ਪਾਕਿਸਤਾਨੀ ਮੀਡੀਆ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਮੁਜ਼ਫ਼ਰਾਬਾਦ, ਕੋਟਲੀ ਅਤੇ ਬਹਾਵਲਪੁਰ ਦੇ ਅਹਿਮਦ ਈਸਟ ਖੇਤਰ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਪਾਕਿਸਤਾਨੀ ਫੌਜ ਦੇ ਪ੍ਰਵਕਤਾ ਲੈਫਟਿਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਹਮਲੇ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਭਾਰਤੀ ਵਾਯੂਸੈਨਾ ਦੇ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਲੜਾਕੂ ਜਹਾਜ਼ ਚੌਕਸੀ 'ਤੇ ਹਨ।

ਬਲੈਕਆਉਟ ਅਤੇ ਵਧਦਾ ਤਣਾਅ

ਰਿਪੋਰਟਾਂ ਦੇ ਅਨੁਸਾਰ, ਮੁਜ਼ਫ਼ਰਾਬਾਦ ਵਿੱਚ ਹਮਲੇ ਤੋਂ ਬਾਅਦ ਸਾਰਾ ਇਲਾਕਾ ਬਲੈਕਆਉਟ 'ਚ ਚਲਾ ਗਿਆ। ਦੂਜੇ ਪਾਸੇ, ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ ਨੇ ਭਾਰਤ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਹੁਣ ਟਕਰਾਅ ਨੂੰ ਟਾਲਣਾ ਮੁਸ਼ਕਲ ਹੈ। ਉਨ੍ਹਾਂ ਨੇ ਇਸਨੂੰ ਜੰਗ ਵਰਗੀ ਸਥਿਤੀ ਕਰਾਰ ਦਿੰਦਿਆਂ ਕਿਹਾ ਕਿ ਇਸ ਕਾਰਨ ਸਰਹੱਦ 'ਤੇ ਤਣਾਅ ਹੋਰ ਵੱਧਣ ਦਾ ਖਦਸ਼ਾ ਹੈ।

ਭਾਰਤ ਨੇ ਆਖੀ ਇਹ ਗੱਲ

ਭਾਰਤ ਦੇ ਰੱਖਿਆ ਮੰਤਰਾਲੇ ਨੇ ਸਾਫ਼ ਕੀਤਾ ਹੈ ਕਿ ਇਹ ਓਪਰੇਸ਼ਨ ਸੰਯਮਿਤ, ਨਿਸ਼ਾਨੇਬੰਦ ਅਤੇ ਗੈਰ-ਉਕਸਾਵਾ ਸੀ। ਇਹ ਕਾਰਵਾਈ ਸਿਰਫ਼ ਉਨ੍ਹਾਂ ਥਾਵਾਂ 'ਤੇ ਕੀਤੀ ਗਈ, ਜਿੱਥੋਂ ਭਾਰਤ ਵਿੱਚ ਅੱਤਵਾਦੀ ਗਤਿਵਿਧੀਆਂ ਦੀ ਯੋਜਨਾ ਬਣਾਈ ਜਾ ਰਹੀ ਸੀ। ਸਰਕਾਰ ਨੇ ਇਹ ਵੀ ਕਿਹਾ ਕਿ ਇਹ ਹਮਲਾ ਪਹਿਲਗਾਮ ਦੀ ਬਰਬਰਤਾ ਦਾ ਜਵਾਬ ਹੈ ਅਤੇ ਹੁਣ ਭਾਰਤ ਅੱਤਵਾਦ ਦੇ ਖ਼ਿਲਾਫ਼ ਪੂਰੀ ਤਰ੍ਹਾਂ ਸਖ਼ਤ ਰੁਖ ਅਪਣਾ ਚੁੱਕਾ ਹੈ।